ਐੱਸ. ਏ. ਐੱਸ. ਨਗਰ, 15 ਸਤੰਬਰ (ਪ੍ਰੋ. ਅਵਤਾਰ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਕੰਨਵਰਜੈਂਸ ਕਮੇਟੀ ਦੀ ਮੀਟਿੰਗ ਸੱਦੀ ਗਈ। ਇਸ ਦੌਰਾਨ ਜ਼ਿਲ੍ਹੇ ਨਾਲ ਸੰਬੰਧਿਤ 44 ਪਿੰਡਾਂ ਦੇ ਵਿਲੇਜ਼ ਡਿਵੈਲਪਮੈਂਟ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਤਹਿਤ ਇਨ੍ਹਾਂ ਪਿੰਡਾਂ ‘ਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਹੋਰ ਲੋੜੀਂਦੇ ਕੰਮਾਂ ਲਈ 20 ਲੱਖ ਰੁ. ਪ੍ਰਤੀ ਪਿੰਡ ਦੇ ਹਿਸਾਬ ਨਾਲ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸ਼ੁਰੂਆਤੀ ਪੜਾਅ ‘ਚ 11 ਪਿੰਡਾਂ ਨੂੰ ਗ੍ਰਾਂਟ ਪ੍ਰਾਪਤ ਹੋ ਰਹੀ ਹੈ, ਜਦਕਿ ਬਾਕੀ ਪਿੰਡਾਂ ਨੂੰ ਵੀ ਅਗਲੇ ਪੜਾਅ ‘ਚ ਗ੍ਰਾਂਟ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਗ੍ਰਾਂਟ ਦੀ ਵਰਤੋਂ ਪਿੰਡਾਂ ਦੀਆਂ ਲੋੜਾਂ ਅਨੁਸਾਰ ਸੋਲਰ ਲਾਈਟਾਂ ਲਗਾਉਣ, ਤਰਲ ਵੇਸਟ ਮੈਨੇਜਮੈਂਟ, ਸੋਲਿਡ ਵੇਸਟ ਮੈਨੇਜਮੈਂਟ, ਆਂਗਣਵਾੜੀ ਕੇਂਦਰਾਂ ਨਾਲ ਸੰਬੰਧਿਤ ਕੰਮਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਕੀਤੀ ਜਾਵੇਗੀ। ਇਹ ਕੰਮ ਸੰਬੰਧਿਤ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਅਤੇ ਸਾਂਝੇ ਤਾਲਮੇਲ ਨਾਲ ਕਰਵਾਏ ਜਾਣਗੇ। ਇਸ ਮੌਕੇ ਏ. ਡੀ. ਸੀ. ਸੋਨਮ ਚੌਧਰੀ ਨੇ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਨਜ਼ੂਰ ਕੀਤੇ ਵਿਲੇਜ਼ ਡਿਵੈਲਪਮੈਂਟ ਪਲਾਨ ਅਨੁਸਾਰ ਵਿਕਾਸ ਕਾਰਜਾਂ ਨੂੰ ਤਰਜ਼ੀਹ ਦੇ ਆਧਾਰ ‘ਤੇ ਅਮਲ ‘ਚ ਲਿਆਂਦਾ ਜਾਵੇ ਅਤੇ ਗ੍ਰਾਂਟ ਦੀ ਸੁਚੱਜੀ ਤੇ ਪਾਰਦਰਸ਼ੀ ਵਰਤੋਂ ਯਕੀਨੀ ਬਣਾਈ ਜਾਵੇ।