ਐੱਸ. ਏ. ਐੱਸ. ਨਗਰ, 26 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-9 ਸਥਿਤ ਫੈਕਟਰੀ ਨੰ. 363 ਦੇ ਗੇਟ ਦੇ ਬਾਹਰੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਨਾਲ ਉਦਯੋਗਪਤੀਆਂ ਅਤੇ ਮੁਲਾਜ਼ਮਾਂ ਦੇ ਸਾਜ਼ੋ-ਸਾਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਜਾਣਕਾਰੀ ਅਨੁਸਾਰ 26 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਮਾਈਕ੍ਰੋਵਿਨ ਲੈਬਜ਼ ਪ੍ਰਾ. ਲਿ. ਦੇ ਫੋਰਮੈਨ ਪ੍ਰਤਾਪ ਸਿੰਘ ਨੇ ਆਪਣਾ ਮੋਟਰਸਾਈਕਲ ਨੰ. ਆਰ. ਜੇ.-18-ਐੱਸ. ਐੱਨ.-0222 ਫੈਕਟਰੀ ਦੇ ਗੇਟ ਨੇੜੇ ਖੜ੍ਹਾ ਕੀਤਾ ਸੀ। ਵਾਪਸ ਆਉਣ ‘ਤੇ ਮੋਟਰਸਾਈਕਲ ਆਪਣੀ ਥਾਂ ਤੋਂ ਗਾਇਬ ਸੀ। ਮਾਮਲੇ ਸੰਬੰਧੀ ਥਾਣਾ ਫੇਜ਼-11 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਫ਼ਿਰ ਪੁਲਿਸ ਵਲੋਂ ਫੈਕਟਰੀ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰਕੇ ਚੋਰਾਂ ਦੀ ਪਛਾਣ ਅਤੇ ਮੋਟਰਸਾਈਕਲ ਬਰਾਮਦ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਫੈਕਟਰੀ ਮਾਲਕ ਰਾਕੇਸ਼ ਵਿਗ ਨੇ ਕਿਹਾ ਕਿ ਸਵੇਰੇ 10 ਵਜੇ ਫੈਕਟਰੀ ਦੇ ਗੇਟ ਅੱਗਿਓਂ ਮੋਟਰਸਾਈਕਲ ਚੋਰੀ ਹੋਣਾ ਉਦਯੋਗਿਕ ਖੇਤਰ ਵਿਚ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵਲੋਂ ਕਈ ਵਾਰ ਵਾਹਨਾਂ ਅਤੇ ਫੈਕਟਰੀਆਂ ਅੰਦਰੋਂ ਸਾਮਾਨ ਚੋਰੀ ਕੀਤੀ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਉਦਯੋਗਪਤੀਆਂ, ਮੁਲਾਜ਼ਮਾਂ ਅਤੇ ਕਾਮਿਆਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਇਸੇ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਉਦਯੋਗਿਕ ਖੇਤਰਾਂ ਅੰਦਰ ਪੁਲਿਸ ਗਸ਼ਤ ਵਧਾਉਣ, ਸੀ. ਸੀ. ਟੀ. ਵੀ. ਨਿਗਰਾਨੀ ਮਜ਼ਬੂਤ ਕਰਨ ਅਤੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਮੰਗ ਕੀਤੀ। ਐਸੋਸੀਏਸ਼ਨ ਨੇ ਉਦਯੋਗਿਕ ਅਦਾਰਿਆਂ ਅਤੇ ਕਾਮਿਆਂ ਨੂੰ ਵੀ ਸੁਚੇਤ ਰਹਿਣ ਅਤੇ ਸ਼ੱਕੀ ਗਤੀਵਿਧੀਆਂ ਨਜ਼ਰ ਆਉਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।