ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)- ‘ਵਿਸ਼ਵ ਹਾਰਟ ਦਿਵਸ’ ਮੌਕੇ ਜ਼ਿਲ੍ਹਾ ਮੁਹਾਲੀ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਦਿਲ ਦੀਆਂ ਬਿਮਾਰੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਰਗਰਮੀਆਂ ਦਾ ਪ੍ਰਬੰਧ ਕੀਤਾ ਗਿਆ। ਇਸ ਸਾਲ ‘ਵਿਸ਼ਵ ਹਾਰਟ ਦਿਵਸ’ ਦਾ ਵਿਸ਼ਾ ‘ਆਪਣੇ ਦਿਲ ਦਾ ਰੱਖੋ ਖ਼ਿਆਲ’ ਰੱਖਿਆ ਗਿਆ ਹੈ, ਜਿਸ ਰਾਹੀਂ ਦਿਲ ਨਾਲ ਸੰਬੰਧਿਤ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦਾ ਸੰਦੇਸ਼ ਦਿੱਤਾ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਵਿਸ਼ੇਸ਼ ਸਰਗਰਮੀਆਂ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਕਾਰਨਾਂ, ਲੱਛਣਾਂ, ਬਚਾਅ ਤੇ ਸਿਹਤਮੰਦ ਜੀਵਨ-ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਹੋਇਆ ਕੋਲੈਸਟਰੋਲ, ਮੋਟਾਪਾ, ਤੰਬਾਕੂਨੋਸ਼ੀ, ਸਰੀਰਕ ਸਰਗਰਮੀ ਦੀ ਘਾਟ ਅਤੇ ਗ਼ੈਰ-ਸਿਹਤਮੰਦ ਖ਼ੁਰਾਕ ਆਦਿ ਕਾਰਕ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਡਾ. ਜੈਨ ਨੇ ਕਿਹਾ ਕਿ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸਿਹਤਮੰਦ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਛਾਤੀ ਵਿਚ ਦਰਦ ਜਾਂ ਬੇਚੈਨੀ, ਸਾਹ ਲੈਣ ਵਿਚ ਤਕਲੀਫ਼, ਅਸਧਾਰਨ ਥਕਾਵਟ, ਚੱਕਰ ਆਉਣਾ, ਬਹੁਤ ਜ਼ਿਆਦਾ ਪਸੀਨਾ ਆਉਣਾ ਜਾਂ ਦਰਦ ਦੇ ਬਾਂਹ, ਮੋਢੇ, ਪਿੱਠ, ਗਰਦਨ ਜਾਂ ਜਬਾੜੇ ਵੱਲ ਫੈਲਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਅਜਿਹੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟਰੋਲ ਦੀ ਜਾਂਚ ਕਰਵਾਉਣ, ਸੰਤੁਲਿਤ ਖ਼ੁਰਾਕ ਲੈਣ, ਨਿਯਮਿਤ ਕਸਰਤ ਕਰਨ, ਤੰਬਾਕੂ ਤੋਂ ਦੂਰ ਰਹਿਣ ਅਤੇ ਸ਼ਰਾਬ ਦੀ ਵਰਤੋਂ ਤੋਂ ਪ੍ਰਹੇਜ਼ ਜਾਂ ਸੀਮਿਤ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਜ਼ਿਲ੍ਹੇ ਦੀਆਂ ਸਮੁੱਚੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਦਿਲ ਦੀ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ।