ਐੱਸ. ਏ. ਐੱਸ. ਨਗਰ, 30 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਗਮਾਡਾ ਵਲੋਂ ਏਅਰੋਟਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਲਈ 8 ਪਿੰਡਾਂ ਕੁਰੜੀ, ਬੜੀ, ਸਿਆਊ, ਪੱਤੋਂ, ਬਾਕਰਪੁਰ, ਮਟਰਾਂ, ਛੱਤ ਅਤੇ ਕਿਸ਼ਨਪੁਰਾ ਦੀ 3522 ਏਕੜ ਜ਼ਮੀਨ ਪਿਛਲੇ ਮਹੀਨੇ ਐਕਵਾਇਰ ਕੀਤੀ ਗਈ ਸੀ। ਇਸ ਜ਼ਮੀਨ ਵਿਚ ਏਅਰੋਟਰੋਪੋਲਿਸ ਪ੍ਰਾਜੈਕਟ ਦੀਆਂ ਈ, ਐੱਫ, ਜੀ, ਐੱਚ, ਆਈ ਅਤੇ ਜੇ ਪਾਕਿਟਾਂ ਸਥਾਪਿਤ ਕੀਤੀਆਂ ਜਾਣੀਆਂ ਹਨ। ਗਮਾਡਾ ਵਲੋਂ ਕਿਸਾਨਾਂ ਨੂੰ ਲੈਂਡ ਪੂਲਿੰਗ ਸਕੀਮ ਤਹਿਤ ਜ਼ਮੀਨਾਂ ਦੀਆਂ ਐੱਲ. ਓ. ਆਈ. ਜਾਰੀ ਕਰਨ ਮੌਕੇ ਕਿਸਾਨਾਂ ਨੂੰ ਉਨ੍ਹਾਂ ਦੀ ਪੂਰੀ ਮਲਕੀਅਤੀ ਜ਼ਮੀਨ ਦੀ ਇਕੋ ਥਾਂ ਲੈਂਡ ਪੂਲਿੰਗ ਦੇਣ ਦੀ ਥਾਂ ਪਾਕਟਾਂ ਵਿਚ ਆਈ ਜ਼ਮੀਨ ਅਨੁਸਾਰ ਐੱਲ. ਓ. ਆਈ. ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਪਿੰਡ ਕੁਰੜੀ ਦੇ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਪਿੰਡ ਦੀ ਸਮੁੱਚੀ 1392 ਏਕੜ ਜ਼ਮੀਨ ਐਕਵਾਇਰ ਹੋ ਗਈ ਹੈ। ਇਸ ਜ਼ਮੀਨ ਵਿਚ ਈ ਬਲਾਕ ਵਿਚ 355 ਏਕੜ, ਐੱਫ ਬਲਾਕ ਵਿਚ 117 ਏਕੜ, ਐੱਚ ਬਲਾਕ ਵਿਚ 10 ਏਕੜ, ਆਈ ਬਲਾਕ ਵਿਚ 447 ਏਕੜ ਅਤੇ ਜੇ ਬਲਾਕ ਵਿਚ 463 ਏਕੜ ਜ਼ਮੀਨ ਆਈ ਹੈ। ਇਸ ਤਰ੍ਹਾਂ ਕਈ ਕਿਸਾਨਾਂ ਦੀ ਇਕੱਠੀ ਜ਼ਮੀਨ ਦੋ-ਦੋ, ਤਿੰਨ-ਤਿੰਨ ਪਾਕਟਾਂ ਵਿਚ ਵੰਡੀ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਪੂਰੀ ਇਕੱਠੀ ਜ਼ਮੀਨ ਦਾ ਲਾਭ ਨਹੀਂ ਮਿਲ ਰਿਹਾ। ਪਿੰਡ ਕੁਰੜੀ ਦੇ ਇਕ ਕਿਸਾਨ ਨੇ ਦੱਸਿਆ ਕਿ ਉਸ ਕੋਲ 1 ਏਕੜ ਜ਼ਮੀਨ ਹੈ, ਜਿਸ ‘ਚੋਂ 4 ਕਨਾਲ 18 ਮਰਲੇ ਜ਼ਮੀਨ ਇਕ ਪਾਕਿਟ ਵਿਚ ਆ ਗਈ ਹੈ, ਜਦਕਿ 3 ਕਨਾਲ 2 ਮਰਲੇ ਦੂਜੀ ਪਾਕਿਟ ਵਿਚ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਨੂੰ 1 ਏਕੜ ਦੀ ਪੂਰੀ ਲੈਂਡ ਪੂਲਿੰਗ ਲਈ 1000 ਗਜ਼ ਦਾ ਰਿਹਾਇਸ਼ੀ ਪਲਾਟ, 210 ਗਜ਼ ਦਾ ਇਕ ਸ਼ੋਅਰੂਮ ਅਤੇ ਔਸ਼ਟੀ ਦਾ ਪਲਾਟ ਮਿਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹੁਣ ਉਸ ਨੂੰ ਸ਼ੋਅਰੂਮ ਦੀ ਥਾਂ ਸਿਰਫ਼ ਬੂਥ ਹੀ ਮਿਲਣਗੇ ਅਤੇ ਉਸ ਦੀਆਂ ਕਨਾਲਾਂ ਅਤੇ ਮਰਲਿਆਂ ਦੀਆਂ ਵੱਖ-ਵੱਖ ਐੱਲ. ਓ. ਸੀ. ਮਿਲੀਆਂ ਹਨ। ਇਸੇ ਦੌਰਾਨ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨਾਂ ਨਾਲ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਇਨਸਾਫ਼ ਨਾ ਮਿਲਿਆ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁੱਡਾ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਲੈਂਡ ਪੂਲਿੰਗ ਨੀਤੀ ਤਹਿਤ ਇਕੋ ਜ਼ਮੀਨ ਮਾਲਕ ਦੀ ਵੱਖ-ਵੱਖ ਪਾਕਿਟਾਂ ਵਿਚ ਆਈ ਜ਼ਮੀਨ ਦਾ ਲਾਭ ਇਕੱਠਾ ਦਿੱਤਾ ਜਾਵੇ ਅਤੇ ਐੱਲ. ਓ. ਆਈ. ਵੀ ਇਕੱਠੀ ਹੀ ਜਾਰੀ ਕੀਤੀ ਜਾਵੇ।