ਡੇਰਾਬੱਸੀ ’ਚ ਗ਼ੈਰ-ਕਾਨੂੰਨੀ ਮਾਈਨਿੰਗ ’ਤੇ ਸ਼ਿਕੰਜਾ, 23.7 ਲੱਖ ਘਣ ਫੁੱਟ ਖੁਦਾਈ ਦਾ ਖੁਲਾਸਾ
ਡੇਰਾਬੱਸੀ, 2 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਹਲਕੇ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਪਿਛਲੇ ਕਰੀਬ ਦੋ ਮਹੀਨਿਆਂ ਦੌਰਾਨ 11 ਸੰਵੇਦਨਸ਼ੀਲ ਥਾਵਾਂ ਦੀ ਕੀਤੀ ਜਾਂਚ ਵਿਚ ਕਰੀਬ 23.
ਡ
ਡੇਰਾਬੱਸੀ ਖੇਤਰ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਲੋਂ ਪੁੱਟੀ ਗਈ ਜ਼ਮੀਨ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ
03-10-2026
ਡੇਰਾਬੱਸੀ, 2 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਹਲਕੇ ਵਿਚ ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਪਿਛਲੇ ਕਰੀਬ ਦੋ ਮਹੀਨਿਆਂ ਦੌਰਾਨ 11 ਸੰਵੇਦਨਸ਼ੀਲ ਥਾਵਾਂ ਦੀ ਕੀਤੀ ਜਾਂਚ ਵਿਚ ਕਰੀਬ 23.7 ਲੱਖ ਘਣ ਫੁੱਟ ਲਘੂ ਖਣਿਜਾਂ ਦੀ ਗੈਰ-ਕਾਨੂੰਨੀ ਖੁਦਾਈ ਦਾ ਪਤਾ ਲੱਗਾ ਹੈ। ਇਸ ਸੰਬੰਧੀ ਹੁਣ ਤੱਕ 5 ਐੱਫ.ਆਈ.ਆਰ. ਦਰਜ ਕਰਵਾਉਣ ਦੇ ਨਾਲ ਮਸ਼ੀਨਰੀ ਅਤੇ ਵਾਹਨ ਵੀ ਕਬਜ਼ੇ ਵਿਚ ਲਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 28 ਜੁਲਾਈ ਤੋਂ 30 ਸਤੰਬਰ ਤੱਕ ਕਾਰਜਕਾਰੀ ਇੰਜੀਨੀਅਰ ਗੁਰਤੇਜ ਸਿੰਘ ਗਰਚਾ ਅਤੇ ਐੱਸ. ਡੀ. ਓ. ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਮਾਈਨਿੰਗ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਜਾਂਚ ਕੀਤੀ ਗਈ। ਟੀਮਾਂ ਵਲੋਂ ਟਾਂਗਰੀ ਦਰਿਆ ਦੇ ਪੱਤਣਾਂ ਤੋਂ ਇਲਾਵਾ ਪੰਚਾਇਤੀ ਤੇ ਨਿੱਜੀ ਜ਼ਮੀਨਾਂ ਸਮੇਤ ਮਾਈਨਿੰਗ ਪੱਖੋਂ ਸੰਵੇਦਨਸ਼ੀਲ ਮੰਨੀਆਂ ਜਾਂਦੀਆਂ ਥਾਵਾਂ ਦੀ ਪੜਤਾਲ ਕੀਤੀ ਗਈ। ਵਿਭਾਗੀ ਅੰਕੜਿਆਂ ਮੁਤਾਬਿਕ ਇਨ੍ਹਾਂ ਥਾਵਾਂ ਤੋਂ ਕੁੱਲ 23.7 ਲੱਖ ਘਣ ਫੁੱਟ ਲਘੂ ਖਣਿਜ ਗੈਰ-ਕਾਨੂੰਨੀ ਢੰਗ ਨਾਲ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਕੋਲ 5 ਐੱਫ.ਆਈ.ਆਰ. ਦਰਜ ਕਰਵਾਈਆਂ ਗਈਆਂ ਹਨ। ਕਾਰਵਾਈ ਦੌਰਾਨ ਬਿਜਨਪੁਰ ਅਤੇ ਅੰਟਾਲਾ ਖੇਤਰ ਵਿਚ ਕੀਤੀ ਛਾਪੇਮਾਰੀ ਦੌਰਾਨ ਇਕ ਪੋਕਲੇਨ ਮਸ਼ੀਨ, ਇਕ ਜੇ. ਸੀ. ਬੀ. ਅਤੇ ਟਿੱਪਰ ਕਬਜ਼ੇ ਵਿਚ ਲਏ ਗਏ। ਇਨ੍ਹਾਂ ਮਾਮਲਿਆਂ ਸੰਬੰਧੀ ਡੇਰਾਬੱਸੀ ਅਤੇ ਹੰਡੇਸਰਾ ਥਾਣਿਆਂ ਵਿਚ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿੰਮ ਤਹਿਤ ਖਣਿਜ ਪਦਾਰਥਾਂ ਦੀ ਗ਼ੈਰ -ਅਧਿਕਾਰਤ ਢੋਆ-ਢੁਆਈ ਕਰਦੇ ਮਿਲੇ 8 ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਵਿਭਾਗ ਅਨੁਸਾਰ ਪੰਜਾਬ ਮਾਈਨਰ ਮਿਨਰਲ ਰੂਲਜ਼-2013 ਦੇ ਨਿਯਮ 74 ਅਤੇ 75 ਤਹਿਤ ਇਨ੍ਹਾਂ ਮਾਮਲਿਆਂ ਵਿਚ 20 ਲੱਖ ਰੁ. ਤੋਂ ਵੱਧ ਦੀ ਕੰਪਾਊਂਡਿੰਗ ਰਕਮ ਵਸੂਲ ਕੀਤੀ ਗਈ ਹੈ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਖੁਦਾਈ ਰੋਕਣ ਲਈ ਸੰਵੇਦਨਸ਼ੀਲ ਖੇਤਰਾਂ ’ਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾਵੇਗੀ। ਖ਼ਾਸ ਕਰਕੇ ਦਰਿਆਈ ਪੱਤਣਾਂ, ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਅਤੇ ਪਹਿਲਾਂ ਸਾਹਮਣੇ ਆ ਚੁੱਕੇ ਸੰਵੇਦਨਸ਼ੀਲ ਖੇਤਰਾਂ ਵਿਚ ਸਾਂਝੀਆਂ ਟੀਮਾਂ ਦੀ ਜਾਂਚ ਜਾਰੀ ਰਹੇਗੀ। ਗ਼ੈਰ-ਕਾਨੂੰਨੀ ਮਾਈਨਿੰਗ ਜਾਂ ਬਿਨਾਂ ਅਧਿਕਾਰ ਖਣਿਜਾਂ ਦੀ ਢੋਆ-ਢੁਆਈ ਸਾਹਮਣੇ ਆਉਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।