ਐੱਸ. ਏ. ਐੱਸ. ਨਗਰ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫਿਜ਼ੀਓਥਰੈਪੀ ਐਂਡ ਰੇਡੀਓਲੋਜ਼ੀ (ਯੂ. ਐੱਸ. ਪੀ. ਆਰ.) ਵਲੋਂ ਚੌਥੇ ਨਿਰੰਤਰ ਮੈਡੀਕਲ ਸਿੱਖਿਆ ਪ੍ਰੋਗਰਾਮ ਦੇ ਨਾਲ ਵਿਸ਼ਵ ਫਿਜ਼ੀਓਥਰੈਪੀ ਦਿਵਸ ਮਨਾਇਆ ਗਿਆ। ਇਸ ਮੌਕੇ ਦਿਲ ਅਤੇ ਸਟ੍ਰੋਕ ਨਾਲ ਸੰਬੰਧਿਤ ਬਿਮਾਰੀਆਂ ਦੀ ਰੋਕਥਾਮ, ਜਾਂਚ ਅਤੇ ਪੁਨਰਵਾਸ ਲਈ ਏਕੀਕ੍ਰਿਤ ਪਹੁੰਚ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਏਕੀਕ੍ਰਿਤ ਦਿਲ ਅਤੇ ਸਟ੍ਰੋਕ ਦੇਖਭਾਲ : ਰੋਕਥਾਮ ਅਤੇ ਇਮੇਜਿੰਗ ਤੋਂ ਪੁਨਰਵਾਸ ਤੱਕ’ ਸੀ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਯੂ. ਐੱਸ. ਪੀ. ਆਰ. ਦੇ ਡੀਨ ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਪ੍ਰੋਗਰਾਮ ਦਾ ਤਾਲਮੇਲ ਸੰਗਠਨ ਸਕੱਤਰ ਇਪਸ਼ਿਤਾ ਅਧਿਕਾਰੀ ਅਤੇ ਸਹਿ-ਸੰਗਠਨ ਸਕੱਤਰ ਦਿਵਿਆ ਖਾਤੀ ਵਲੋਂ ਕੀਤਾ ਗਿਆ। ਪ੍ਰੋਗਰਾਮ ਦੌਰਾਨ ਫਿਜ਼ੀਓਥੈਰੇਪੀ, ਰੇਡੀਓਲੋਜ਼ੀ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਦੇ ਮਾਸਟਰਜ਼ ਵਿਦਿਆਰਥੀਆਂ ਨੇ ਦਿਲ ਅਤੇ ਸਟ੍ਰੋਕ ਦੀ ਰੋਕਥਾਮ, ਡਾਇਗਨੌਸਟਿਕ ਇਮੇਜਿੰਗ, ਪੋਸ਼ਣ ਅਤੇ ਪੁਨਰਵਾਸ ਨਾਲ ਸੰਬੰਧਿਤ ਅੰਤਰ-ਵਿਸ਼ਿਆਕ ਵਿਗਿਆਨਕ ਸੈਸ਼ਨ ਪੇਸ਼ ਕੀਤੇ। ਇਨ੍ਹਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੇ ਵੱਖ-ਵੱਖ ਸਿਹਤ ਖੇਤਰਾਂ ਵਿਚਕਾਰ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਤੋਂ ਬਾਅਦ ਹਾਕਸਫੇਅਰ ਗਲੋਬਲ ਦੇ ਡਾਇਰੈਕਟਰ ਅਮਿਤ ਜੋਤ ਸਿੰਘ, ਕਰੀਅਰ ਕੋਚ ਦੇ ਸੀ. ਈ. ਓ. ਤੇ ਸੰਸਥਾਪਕ ਤੇਜੇਸ਼ਵਰ ਬਖਸ਼ੀ, ਹਾਕਸਫੇਅਰ ਗਲੋਬਲ ਦੇ ਡਾਇਰੈਕਟਰ ਕੇ. ਅੰਸਾਰੀ ਅਤੇ ਅੰਸ਼ਿਕਾ ਮਾਥਨ ਨੇ ਵਿਦਿਆਰਥੀਆਂ ਨਾਲ ਕਰੀਅਰ ਵਿਕਾਸ ਅਤੇ ਵਿਸ਼ਵ ਪੱਧਰੀ ਮੌਕਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਪ੍ਰੋਗਰਾਮ ਦੌਰਾਨ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ‘ਚ 17 ਟੀਮਾਂ ਨੇ ਭਾਗ ਲਿਆ। ਇਸ ਮੌਕੇ ਪਾਇਲ, ਮੁਸਕਾਨ ਤੇ ਕਸ਼ਿਸ਼ ਅਤੇ ਸ਼੍ਰੇਆ ਸ਼ਰਮਾ ਤੇ ਸ਼ਿਲਪਾ ਡੋਗਰਾ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ, ਜਦਕਿ ਚੈਤੰਨਿਆ, ਰਾਜੇਸ਼ ਮਦਰਾ ਤੇ ਕਨਨ ਰਾਣਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਦੀ ਸਮਾਪਤੀ ਭੰਗੜੇ, ਗਿੱਧੇ ਅਤੇ ਹਰਿਆਣਵੀਂ ਨਾਚ ਦੀਆਂ ਰੰਗਾਰੰਗ ਪੇਸ਼ਕਾਰੀਆਂ ਨਾਲ ਹੋਈ।