ਪੰਜਾਬ ਇੰਜੀਨੀਅਰਿੰਗ ਕਾਲਜ ਦੇ 56ਵੇਂ ਡਿਗਰੀ ਵੰਡ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਰਾਜਪਾਲ
ਚੰਡੀਗੜ੍ਹ, 24 ਅਕਤੂਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ (ਡੀਮਡ ਟੂ ਬੀ ਯੂਨੀਵਰਸਿਟੀ) ਵਿਖੇ ਆਪਣਾ 56ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਚੰਡੀਗੜ੍ਹ, 24 ਅਕਤੂਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ (ਡੀਮਡ ਟੂ ਬੀ ਯੂਨੀਵਰਸਿਟੀ) ਵਿਖੇ ਆਪਣਾ 56ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਦਾ ਸਵਾਗਤ ਪੈੱਕ ਦੇ ਉਪ ਕੁਲਪਤੀ ਪ੍ਰੋ. ਭੋਲਾ ਰਾਮ ਗੁਰਜਰ ਨੇ ਕੀਤਾ। ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਅਧੀਨ ਕੁੱਲ 824 ਡਿਗਰੀਆਂ ਵੰਡੀਆ ਗਈਆਂ। ਜਿਨ੍ਹਾਂ ਵਿਚ 737 ਬੀ.ਟੈਕ., 69 ਐਮ.ਟੈਕ. ਅਤੇ 18 ਪੀਐਚ.ਡੀ. ਡਿਗਰੀਆਂ ਸ਼ਾਮਿਲ ਸਨ। ਇਨ੍ਹਾਂ ਵਿਚੋਂ 675 ਵਿਦਿਆਰਥੀਆਂ ਨੇ ਸਮਾਰੋਹ ਵਿਚ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਜਦਕਿ 149 ਡਿਗਰੀਆਂ ਗੈਰ-ਹਾਜ਼ਰੀ ਵਿਚ ਪ੍ਰਦਾਨ ਕੀਤੀਆਂ ਗਈਆਂ। ਪੈੱਕ ਦੇ ਉਪ ਕੁਲਪਤੀ ਪ੍ਰੋ. ਭੋਲਾ ਰਾਮ ਗੁਰਜਰ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਜਿੱਥੇ ਉਨ੍ਹਾਂ ਨੇ ਹਾਜ਼ਰ ਇਕੱਠ ਨੂੰ ਸਾਲ ਦੌਰਾਨ ਸੰਸਥਾ ਦੀਆਂ ਪ੍ਰਮੁੱਖ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉੱਥੇ ਉਨ੍ਹਾਂ ਨੇ ਅਕਾਦਮਿਕ ਉੱਤਮਤਾ ਨੂੰ ਮਜ਼ਬੂਤ ਕਰਨ, ਅੰਤਰ-ਵਿਸ਼ਾਗਤ ਖੋਜ ਨੂੰ ਉਤਸ਼ਾਹਿਤ ਕਰਨ, ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਅਤੇ ਉਦਯੋਗ ਜਗਤ ਤੇ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਨਾਲ ਸਹਿਯੋਗ ਵਧਾਉਣ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ’ਤੇ ਚਾਨਣਾ ਪਾਇਆ। ਇਸ ਮੌਕੇ ਉਪ ਕੁਲਪਤੀ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਵੀ ਮੁੱਖ ਮਹਿਮਾਨ ਨੂੰ ਭੇਟ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈੱਕ ਦੇ ਮੁੱਲਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਆਪਣੇ ਪੇਸ਼ੇਵਰ ਕਾਰਜਾਂ ਰਾਹੀਂ ਸਮਾਜ ਵਿਚ ਸਾਰਥਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਗੁਲਾਬ ਚੰਦ ਕਟਾਰੀਆ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪੈੱਕ ਦੀ ਸ਼ਾਨਦਾਰ ਵਿਰਾਸਤ ਦਾ ਜ਼ਿਕਰ ਕਰਦਿਆਂ ਪ੍ਰਸਿੱਧ ਵਿਗਿਆਨੀ ਪ੍ਰੋ. ਸਤੀਸ਼ ਧਵਨ ਅਤੇ ਸੰਸਥਾ ਦੀ ਮਾਣਮੱਤੀ ਸਾਬਕਾ ਵਿਦਿਆਰਥਣ ਤੇ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਯਾਦ ਕੀਤਾ। ਉਨ੍ਹਾਂ ਨੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਇੰਜੀਨੀਅਰਾਂ ਅਤੇ ਨੌਜਵਾਨਾਂ ਦੀਆਂ ਪੀੜ੍ਹੀਆਂ ਲਈ ਸਦੀਵੀ ਪ੍ਰੇਰਣਾ ਦਾ ਸਰੋਤ ਦੱਸਿਆ। ਇਸ ਮੌਕੇ ਪੈੱਕ ਦੀ ਸਾਬਕਾ ਵਿਦਿਆਰਥਣ ਕੰਵਰਦੀਪ ਕੌਰ ਆਈ.ਪੀ.ਐਸ, ਐਸ.ਐਸ.ਪੀ ਚੰਡੀਗੜ੍ਹ ਦਾ ਵੀ ਜ਼ਿਕਰ ਕੀਤਾ। ਜਿਨ੍ਹਾਂ ਨੂੰ ਫੇਮ ਇੰਡੀਆ–ਏਸ਼ੀਆ ਪੋਸਟ ਵਲੋਂ ਭਾਰਤ ਦੇ ਚੋਟੀ ਦੇ 25 ਪੁਲਿਸ ਅਧਿਕਾਰੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਹ 56ਵੇਂ ਡਿਗਰੀ ਵੰਡ ਸਮਾਰੋਹ ਪ੍ਰੇਰਨਾਦਾਇਕ ਮਾਹੌਲ ਵਿਚ ਸੰਪੰਨ ਹੋਇਆ।