ਐੱਸ. ਏ. ਐੱਸ. ਨਗਰ, 24 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਾਕੇਸ਼ ਬੇਦੀ, ਜਿਨ੍ਹਾਂ ਨੇ ਮਸ਼ਹੂਰ ਬਾਲੀਵੁੱਡ ਫ਼ਿਲਮ ‘ਧੁਰੰਧਰ’ ‘ਚ ‘ਜਮੀਲ ਜਮਾਲੀ’ ਦਾ ਕਿਰਦਾਰ ਨਿਭਾ ਕੇ ਖ਼ੂਬ ਵਾਹ-ਵਾਹੀ ਖੱਟੀ ਸੀ, ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੱਲ ਰਹੇ ਪੰਜ ਰੋਜ਼ਾ ‘ਦਸਤਕ ਥੀਏਟਰ ਫੈਸਟੀਵਲ-2 026’ ਦੇ ਤੀਜੇ ਦਿਨ ‘ਮਸਾਜ’ ਨਾਮਕ ਨਾਟਕ ‘ਚ ਆਪਣੀ ਦਮਦਾਰ ਸੋਲੋ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰ-ਮੁੰਗਧ ਕਰ ਦਿੱਤਾ। ਹਰਬੰਸ ਸਿੰਘ ਦੁਆਰਾ ਨਿਰਦੇਸ਼ਿਤ ਅਤੇ ਪ੍ਰਸਿੱਧ ਨਾਟਕਕਾਰ ਵਿਜੈ ਤੇਂਦੁਲਕਰ ਦੁਆਰਾ ਲਿਖੇ ਗਏ ਇਸ ਹਿੰਦੀ ਨਾਟਕ ‘ਚ ਬੇਦੀ ਦੀ ਅਦਾਕਾਰੀ ਦੀ ਵਿਆਪਕ ਸਮਰੱਥਾ ਅਤੇ ਬਹੁਪੱਖੀ ਪ੍ਰਤਿਭਾ ਦੇਖਣ ਨੂੰ ਮਿਲੀ। ਉਨ੍ਹਾਂ ਨੇ ਹਾਸ-ਰਸ, ਵਿਅੰਗ ਅਤੇ ਮਨੁੱਖੀ ਇੱਛਾਵਾਂ ਤੇ ਸਮਾਜ ਬਾਰੇ ਡੂੰਘੀਆਂ ਟਿੱਪਣੀਆਂ ਦਾ ਸੁਮੇਲ ਕਰਦਿਆਂ 24 ਵੱਖ-ਵੱਖ ਪਾਤਰਾਂ ਨੂੰ ਸਟੇਜ ‘ਤੇ ਜਿਊਂਦਾ ਕਰਕੇ ਦਿਖਾਇਆ। ਇਹ ਇਕ-ਪਾਤਰੀ ਬ੍ਰਿਤਾਂਤ ਹੈਪੀ ਕੁਮਾਰ ਦੇ ਸਫ਼ਰ ਨੂੰ ਪੇਸ਼ ਕਰਦਾ ਹੈ। ਫ਼ਿਲਮ ਨਿਰਮਾਤਾਵਾਂ ਅਤੇ ਚਾਹਵਾਨ ਅਦਾਕਾਰਾਂ ਤੋਂ ਲੈ ਕੇ ਸਿਆਸਤਦਾਨਾਂ, ਵਕੀਲਾਂ ਅਤੇ ਹੋਰ ਰੰਗੀਨ ਸ਼ਖਸੀਅਤਾਂ ਤੱਕ ਹਰੇਕ ਪਾਤਰ ਇਕ ਵੱਖਰੀ ਪਛਾਣ ਨਾਲ ਉਭਰਿਆ, ਜੋ ਕਿ ਇਕੱਲੇ ਨਾਟਕ ਪ੍ਰਦਰਸ਼ਨ ਨੂੰ ਕਾਇਮ ਰੱਖਣ ਲਈ ਲੋੜੀਂਦੀ ਸ਼ੁੱਧਤਾ ਅਤੇ ਰੇਂਜ ਨੂੰ ਸਪੱਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰਦਾ ਸੀ। ਆਪਣੇ ਹਾਸ-ਰਸ ਤੋਂ ਇਲਾਵਾ ‘ਮਸਾਜ’ ਨਾਟਕ ਸਫ਼ਲਤਾ ਦੀ ਦੌੜ, ਇਸ ਨੂੰ ਹਾਸਿਲ ਕਰਨ ਲਈ ਲੋਕਾਂ ਵਲੋਂ ਕੀਤੇ ਜਾਂਦੇ ਸਮਝੌਤਿਆਂ ਅਤੇ ਪ੍ਰਸਿੱਧੀ ਤੇ ਮਨੁੱਖੀ ਪ੍ਰਾਪਤੀਆਂ ਦੇ ਪਿੱਛੇ ਛੁਪੇ ਸੰਘਰਸ਼ਾਂ ‘ਤੇ ਇਕ ਵਿਅੰਗਮਈ ਝਾਤ ਪਾਉਂਦਾ ਹੈ। ਇਸੇ ਤਰ੍ਹਾਂ ਹੈਪੀ ਕੁਮਾਰ ਦਾ ਸਫ਼ਰ ਮਨੋਰੰਜਨ ਜਗਤ ਦੇ ਉਸ ਪਹਿਲੂ ਨੂੰ ਪੇਸ਼ ਕਰਦਾ ਹੈ ਜੋ ਕਿ ਸਟਾਰਡਮ ਦੀ ਚਮਕ-ਦਮਕ ਤੋਂ ਪਰੇ ਜਾ ਕੇ ਇਕ ਆਮ ਇਨਸਾਨ ਦੇ ਜੀਵਨ ਨੂੰ ਘੜਨ ਵਾਲੀਆਂ ਨਿਰਾਸ਼ਾਵਾਂ, ਅਸਫ਼ਲਤਾਵਾਂ ਅਤੇ ਹਿੰਮਤ ਨੂੰ ਉਜਾਗਰ ਕਰਦਾ ਹੈ। ਇਸ ਨਾਟਕ ‘ਚ ਹਾਸੇ ਦੇ ਨਾਲ-ਨਾਲ ਆਤਮ-ਚਿੰਤਨ ਦੇ ਪਲ ਵੀ ਬੁਣੇ ਹੋਏ ਹਨ, ਜੋ ਕਿ ਦਰਸ਼ਕਾਂ ਨੂੰ ਆਪਣੀਆਂ ਇੱਛਾਵਾਂ, ਅਸਫ਼ਲਤਾਵਾਂ ਅਤੇ ਮਨੁੱਖੀ ਹਾਲਾਤਾਂ ਬਾਰੇ ਸੋਚਣ-ਵਿਚਾਰਨ ਦਾ ਮੌਕਾ ਦਿੰਦੇ ਹਨ। ਨਾਟਕ ‘ਚ ਬੇਮਿਸਾਲ ਅਦਾਕਾਰੀ ਪੇਸ਼ ਕਰਨ ਤੋਂ ਬਾਅਦ ਅਦਾਕਾਰ ਰਾਕੇਸ਼ ਬੇਦੀ ਨੇ ਕਿਹਾ ਕਿ ਅਦਾਕਾਰੀ ਦੇ ਖੇਤਰ ‘ਚ ਆਉਣ ਦੀ ਇੱਛਾ ਰੱਖਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੀ ਕਲਾ ਨੂੰ ਚੰਗੀ ਤਰ੍ਹਾਂ ਸਿੱਖਣਾ ਅਤੇ ਨਿਖਾਰਨਾ ਚਾਹੀਦਾ ਹੈ ਕਿਉਂਕਿ ਫ਼ਿਲਮ ਉਦਯੋਗ ‘ਚ ਮੁਕਾਬਲਾ ਬਹੁਤ ਸਖ਼ਤ ਹੈ। ਉਨ੍ਹਾਂ ਕਿਹਾ ਕਿ ਅਦਾਕਾਰੀ ਸਿਰਫ਼ ਇਕ ਅਜਿਹਾ ਕੰਮ ਨਹੀਂ ਹੈ ਜੋ ਕਿ ਦੇਖਣ ‘ਚ ਆਸਾਨ ਲੱਗਦਾ ਹੈ, ਸਗੋਂ ਇਸ ਲਈ ਲਗਾਤਾਰ ਸਖ਼ਤ ਮਿਹਨਤ, ਦ੍ਰਿੜਤਾ, ਸਿਖਲਾਈ ਅਤੇ ਆਪਣੀ ਕਲਾ ‘ਤੇ ਮਜ਼ਬੂਤ ਪਕੜ ਹੋਣੀ ਬਹੁਤ ਜ਼ਰੂਰੀ ਹੈ। ਥੀਏਟਰ ਨਾਲ ਆਪਣੇ ਲੰਬੇ ਜੁੜਾਅ ਬਾਰੇ ਗੱਲ ਕਰਦਿਆਂ ਬੇਦੀ ਨੇ ਕਿਹਾ ਕਿ ਮੈਂ ਫ਼ਿਲਮਾਂ, ਟੈਲੀਵਿਜ਼ਨ ਅਤੇ ਥੀਏਟਰ ਇਨ੍ਹਾਂ ਤਿੰਨਾਂ ਮਾਧਿਅਮਾਂ ਨਾਲ ਲਗਾਤਾਰ ਜੁੜਿਆ ਰਿਹਾ ਹਾਂ। ਥੀਏਟਰ ਨੇ ਹੀ ਮੈਨੂੰ ਸਰਗਰਮ ਰੱਖਿਆ ਅਤੇ ਮੈਨੂੰ ਨਵੀਆਂ ਚੀਜ਼ਾਂ ਸਿੱਖਣ ਦੇ ਨਾਲ-ਨਾਲ ਸਮੇਂ ਦੇ ਨਾਲ-ਨਾਲ ਆਪਣੀ ਅਦਾਕਾਰੀ ‘ਚ ਬਦਲਾਅ ਲਿਆਉਣ ਦੇ ਮੌਕੇ ਪ੍ਰਦਾਨ ਕੀਤੇ। ਇਹ ਨਾਟਕ ਮੂਲ ਰੂਪ ‘ਚ ਵਿਜੈ ਤੇਂਦੁਲਕਰ ਦੁਆਰਾ ਮਰਾਠੀ ‘ਚ ਲਿਖਿਆ ਗਿਆ ਸੀ, ਜਿਸ ਨੇ ਆਪਣੀ ਵਿਲੱਖਣ ‘ਇਕਹਿਰੇ ਸੰਵਾਦ’ ਵਾਲੀ ਸ਼ੈਲੀ ਲਈ ਪਛਾਣ ਬਣਾਈ ਹੈ।