ਪੰਚਕੂਲਾ ਵਿਖੇ ਮਾਸੂਮ ਬੱਚੀ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ-ਊਸ਼ਾ ਪ੍ਰਿਆਦਰਸ਼ਨੀ
ਪੰਚਕੂਲਾ, 4 ਨਵੰਬਰ (ਕਪਿਲ)-ਪੰਚਕੂਲਾ ਦੇ ਸਰਕਾਰੀ ਸਕੂਲ ‘ਚ ਮਾਸੂਮ ਬੱਚੀ ਨਾਲ ਕੁੱਟਮਾਰ ਕਰਨ ਦੀ ਵਾਪਰੀ ਦਰਦਨਾਕ ਘਟਨਾ ਨੂੰ ਲੈ ਕੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਗੰਭੀਰ ਰੁਖ਼ ਅਖ਼ਤਿਆਰ ਕੀਤਾ ਹੈ। ਬੁੱਧਵਾਰ ਨੂੰ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਊਸ਼ਾ ਪ੍ਰਿਆਦਰਸ਼ਨੀ ਅਤੇ ਵਾਈਸ ਚੇਅਰਪਰਸਨ ਬੱਚੀ ਦਾ ਹਾਲ-ਚਾਲ ਜਾਣਨ ਲਈ ਉਸ ਦੇ ਘਰ ਪਹੁੰਚੇ।
ਪੰਚਕੂਲਾ, 4 ਨਵੰਬਰ (ਕਪਿਲ)-ਪੰਚਕੂਲਾ ਦੇ ਸਰਕਾਰੀ ਸਕੂਲ ‘ਚ ਮਾਸੂਮ ਬੱਚੀ ਨਾਲ ਕੁੱਟਮਾਰ ਕਰਨ ਦੀ ਵਾਪਰੀ ਦਰਦਨਾਕ ਘਟਨਾ ਨੂੰ ਲੈ ਕੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਗੰਭੀਰ ਰੁਖ਼ ਅਖ਼ਤਿਆਰ ਕੀਤਾ ਹੈ। ਬੁੱਧਵਾਰ ਨੂੰ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਊਸ਼ਾ ਪ੍ਰਿਆਦਰਸ਼ਨੀ ਅਤੇ ਵਾਈਸ ਚੇਅਰਪਰਸਨ ਬੱਚੀ ਦਾ ਹਾਲ-ਚਾਲ ਜਾਣਨ ਲਈ ਉਸ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬੱਚੀ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਫੁੱਲ ਤੇ ਚਾਕਲੇਟ ਦੇ ਕੇ ਉਸ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘਟਨਾ ‘ਚ ਜਿਸ ਵੀ ਵਿਅਕਤੀ ਦੀ ਲਾਪ੍ਰਵਾਹੀ ਸਾਹਮਣੇ ਆਵੇਗੀ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦਰਦਨਾਕ ਘਟਨਾ ਹੈ, ਜਿਸ ਨੂੰ ਸ਼ਬਦਾਂ ‘ਚ ਬਿਆਨ ਕਰਨਾ ਮੁਸ਼ਕਿਲ ਹੈ। ਕਮਿਸ਼ਨ ਇਸ ਪੂਰੇ ਮਾਮਲੇ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਬੱਚੀ ਨੂੰ 100 ਫ਼ੀਸਦੀ ਇਨਸਾਫ਼ ਦਿਵਾਇਆ ਜਾਵੇਗਾ। ਊਸ਼ਾ ਪ੍ਰਿਆਦਰਸ਼ਨੀ ਨੇ ਸਕੂਲ ਦੀ ਸੁਰੱਖਿਆ ਵਿਵਸਥਾ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਸਕੂਲ ‘ਚ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਸੁਰੱਖਿਆ ਗਾਰਡ ਨੂੰ ਵੀ ਆਪਣੀ ਡਿਊਟੀ ਨਿਭਾਉਂਦਿਆਂ ਕਮਰਿਆਂ ਦੀ ਜਾਂਚ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ‘ਚ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ ਤੋਂ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਉਧਰ ਸੋਸ਼ਲ ਮੀਡੀਆ ‘ਤੇ ਬੱਚੀ ਦਾ ਚਿਹਰਾ ਦਿਖਾਉਂਦਿਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੇ ਜਾਣ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੱਚੀ ਦੀ ਪਛਾਣ ਜਨਤਕ ਨਾ ਕੀਤੀ ਜਾਵੇ ਅਤੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਉਸ ਦੀਆਂ ਤਸਵੀਰਾਂ ਜਾਂ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਉਹ ਤੁਰੰਤ ਡਿਲੀਟ ਕਰ ਦੇਣ।