ਪਿੰਡ ਸੁੰਡਰਾਂ ਤੋਂ ਟਿੱਪਰ ਚੋਰੀ ਹੋਣ ਦੇ ਦੋਸ਼ ਹੇਠ ਮਾਮਲਾ ਦਰਜ
ਡੇਰਾਬੱਸੀ, 6 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਸੁੰਡਰਾਂ ਵਿਖੇ ਖੜ੍ਹਾ ਇਕ ਟਿੱਪਰ ਅਣਪਛਾਤੇ ਵਿਅਕਤੀ ਵਲੋਂ ਚੋਰੀ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟਿੱਪਰ ਮਾਲਕ ਵਲੋਂ ਆਪਣੇ ਪੱਧਰ ‘ਤੇ ਟਿੱਪਰ ਦੀ ਕਾਫ਼ੀ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਾ ਲੱਗਣ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੇਰਾਬੱਸੀ, 6 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਪਿੰਡ ਸੁੰਡਰਾਂ ਵਿਖੇ ਖੜ੍ਹਾ ਇਕ ਟਿੱਪਰ ਅਣਪਛਾਤੇ ਵਿਅਕਤੀ ਵਲੋਂ ਚੋਰੀ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟਿੱਪਰ ਮਾਲਕ ਵਲੋਂ ਆਪਣੇ ਪੱਧਰ ‘ਤੇ ਟਿੱਪਰ ਦੀ ਕਾਫ਼ੀ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਾ ਲੱਗਣ ‘ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਫ਼ਤਿਹਪੁਰ ਜੱਟਾਂ ਦੇ ਵਸਨੀਕ ਕਿਰਨਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 2 ਨਵੰਬਰ ਨੂੰ ਆਪਣਾ ਟਿੱਪਰ ਪਿੰਡ ਸੁੰਡਰਾਂ ਵਿਖੇ ਖੜ੍ਹਾ ਕੀਤਾ ਸੀ। ਇਸ ਦੌਰਾਨ ਕੋਈ ਅਣਪਛਾਤਾ ਵਿਅਕਤੀ ਉਸ ਦਾ ਟਿੱਪਰ ਚੋਰੀ ਕਰਕੇ ਲੈ ਗਿਆ। ਵਾਹਨ ਗਾਇਬ ਹੋਣ ਦਾ ਪਤਾ ਚੱਲਣ ਮਗਰੋਂ ਉਸ ਨੇ ਆਪਣੇ ਪੱਧਰ ‘ਤੇ ਟਿੱਪਰ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਉਸ ਨੇ ਘਟਨਾ ਸਥਾਨ ਨੇੜੇ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਚੈੱਕ ਕੀਤੀ ਤਾਂ ਇਕ ਵਿਅਕਤੀ ਉਸ ਦੇ ਟਿੱਪਰ ਨੂੰ ਲਿਜਾਂਦਾ ਦਿਖਾਈ ਦਿੱਤਾ। ਓਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ 5 ਨਵੰਬਰ ਨੂੰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਚੋਰੀ ਹੋਏ ਟਿੱਪਰ ਦੀ ਭਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।