ਜ਼ੀਰਕਪੁਰ ਵਿਚ ਫਾਰਚੂਨਰ ਗੱਡੀ ’ਤੇ ਮੋਟਰਸਾਈਕਲ ਸਵਾਰਾਂ ਵਲੋਂ ਫਾਇਰਿੰਗ, ਵਾਲ-ਵਾਲ ਬਚਿਆ ਪਰਿਵਾਰ
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਪੀ. ਆਰ-7 ਰੋਡ ਤੋਂ ਸ਼ਤਾਬਗੜ੍ਹ ਰੋਡ ਨੂੰ ਜਾਂਦੀ ਸੜਕ ’ਤੇ ਮੰਗਲਵਾਰ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਫਾਰਚੂਨਰ ਗੱਡੀ ’ਤੇ ਫਾਇਰਿੰਗ ਕਰ ਦਿੱਤੀ।
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਵਿਚ ਪੀ. ਆਰ-7 ਰੋਡ ਤੋਂ ਸ਼ਤਾਬਗੜ੍ਹ ਰੋਡ ਨੂੰ ਜਾਂਦੀ ਸੜਕ ’ਤੇ ਮੰਗਲਵਾਰ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਫਾਰਚੂਨਰ ਗੱਡੀ ’ਤੇ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਨੇ ਗੱਡੀ ’ਤੇ ਦੋ ਰਾਊਂਡ ਫਾਇਰ ਕੀਤੇ। ਇਸ ਦੌਰਾਨ ਗੱਡੀ ਵਿਚ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਇਕ ਪਰਿਵਾਰ ਫਾਰਚੂਨਰ ਗੱਡੀ ਵਿਚ ਜ਼ੀਰਕਪੁਰ ਰਾਹੀਂ ਮੁਹਾਲੀ ਵੱਲ ਜਾ ਰਿਹਾ ਸੀ। ਜਿਵੇਂ ਹੀ ਗੱਡੀ ਮੈਕ ਡੀ ਚੌਕ ਤੋਂ ਸ਼ਤਾਬਗੜ੍ਹ ਰੋਡ ਵੱਲ ਮੁੜੀ, ਤਾਂ ਪਿੱਛਾ ਕਰ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਗੱਡੀ ’ਤੇ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਗੱਡੀ ਦੇ ਅਗਲੇ ਸ਼ੀਸ਼ੇ ਤੇ ਦੂਜੀ ਪਿਛਲੇ ਪਾਸੇ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਛੱਤ ਪਿੰਡ ਵੱਲ ਫ਼ਰਾਰ ਹੋ ਗਏ। ਗੱਡੀ ’ਚ ਨੀਨਾ ਨਾਮਕ ਮਹਿਲਾ, ਉਸ ਦਾ ਪੁੱਤਰ ਅਤੇ ਡਰਾਈਵਰ ਵਰਿੰਦਰ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪਰਿਵਾਰ ਗੱਡੀ ਸਮੇਤ ਜ਼ੀਰਕਪੁਰ ਥਾਣੇ ਪਹੁੰਚਿਆ ਅਤੇ ਸ਼ਿਕਾਇਤ ਦਰਜ ਕਰਵਾਈ। ਥਾਣਾ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਿਕਾਇਤਕਰਤਾ ਨੀਨਾ ਦਾ ਪੁਰਾਣਾ ਜਾਇਦਾਦ ਸੰਬੰਧੀ ਵਿਵਾਦ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਕੇ ਮੁਲਜ਼ਮਾਂ ਦੀ ਪਛਾਣ ਤੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।