ਮਾਨਸਾ, 4 ਜਨਵਰੀ (ਰਾਵਿੰਦਰ ਸਿੰਘ ਰਵੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਲਗਾਏ ਜਾਣ ਵਾਲੇ ਧਰਨੇ ਸਬੰਧੀ ਲਾਮਬੰਦੀ ਇਕੱਤਰਤਾ ਕੀਤੀ ਗਈ | ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਕੋ ਮੰਡਲ ਮਾਨਸਾ ਦੀ ਇੱਥੇ ਹੋਈ ਇਕੱਤਰਤਾ 'ਚ ਫ਼ੈਸਲਾ ਕੀਤਾ ਗਿਆ ਕਿ ਕਿਸੇ ਵੀ ਕੀਮਤ 'ਤੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਮੰਡਲ ਪ੍ਰਧਾਨ ਲਖਨ ਲਾਲ, ਸਕੱਤਰ ਦਰਸ਼ਨ ਸਿੰਘ ਜੋਗਾ ਨੇ ਦੱਸਿਆ ਕਿ 9 ਜਨਵਰੀ ਤੱਕ ਸਾਰੇ ਪਿੰਡਾਂ 'ਚ ਝੰਡਾ ਮਾਰਚ ਕਰ ਕੇ ਕੇਂਦਰ ਸਰਕਾਰ ਦੇ ਮਾਰੂ ਬਿੱਲਾਂ ਖ਼ਿਲਾਫ਼ ਸੰਘਰਸ਼ 'ਚ ਕੁੱਦਣ ਲਈ ਲੋਕਾਈ ਨੂੰ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਬਿਜਲੀ ਐਕਟ ਅਤੇ ਬੀਜ ਬਿੱਲ 2025, ਮਗਨਰੇਗਾ ਸਕੀਮ 'ਚ ਬਦਲਾਅ, ਚਾਰ ਲੇਬਰ ਕੋਡ ਅਤੇ ਸੂਬਾ ਸਰਕਾਰ ਵਲੋਂ ਪਾਵਰਕਾਮ ਦੀਆਂ ਮਹਿੰਗੀਆਂ ਜ਼ਮੀਨਾਂ ਵੇਚਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਗਿਆ | ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ 16% ਮਹਿੰਗਾਈ ਭੱਤਾ ਦੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਇਲਾਵਾ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਜਗਰਾਜ ਸਿੰਘ ਰੱਲਾ, ਗੁਰਤੇਜ ਸਿੰਘ, ਰਾਵਲ ਸਿੰਘ, ਬਿੱਕਰ ਸਿੰਘ ਮਘਾਣੀਆਂ, ਪਿ੍ਥਵੀ ਸਿੰਘ, ਮਨਿੰਦਰ ਸਿੰਘ ਜਵਾਹਰਕੇ, ਭਗਵਾਨ ਸਿੰਘ ਭਾਟੀਆ, ਕਰਮ ਸਿੰਘ ਜੋਗਾ, ਚਾਨਣ ਰਾਮ, ਜੋਗਿੰਦਰ ਸਿੰਘ ਮਾਨਸ਼ਾਹੀਆ ਆਦਿ ਸਨ |
ਡੀ. ਸੀ. ਦਫ਼ਤਰ ਨੇੜੇ 16 ਨੂੰ ਲਗਾਏ ਜਾਣ ਵਾਲੇ ਧਰਨੇ ਸੰਬੰਧੀ ਲਾਮਬੰਦੀ ਇਕੱਤਰਤਾ
ਅਜੀਤ ਡੈਸਕ
05-01-2026