ਬਠਿੰਡਾ, 4 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਸ਼ਹਿਰ 'ਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰਕੇ ਅਤੇ ਲੱਖਾਂ ਰੁਪਏ ਖ਼ਰਚ ਕੇ ਵੱਖ-ਵੱਖ ਗਊਸਾਲਾਂ 'ਚ ਭੇਜਿਆ ਜਾ ਰਿਹਾ ਹੈ | ਇਨ੍ਹਾਂ ਸਾਰੀਆਂ ਗਊਵੰਸ਼ ਨੂੰ ਫੜਨ, ਟਰਾਂਸਪੋਰਟ ਅਤੇ ਉਨ੍ਹਾਂ ਦੀ ਖ਼ੁਰਾਕ ਤੇ ਪ੍ਰਤੀ ਸਾਲ ਕਰੋੜਾਂ ਰੁਪਏ ਖ਼ਰਚ ਵੀ ਆ ਰਿਹਾ ਹੈ | ਨਗਰ ਨਿਗਮ ਬਠਿੰਡਾ ਦੇ ਕੋਲ ਪ੍ਰਤੀ ਸਾਲ ਕਰੀਬ 4-5 ਕਰੋੜ ਰੁਪਏ ਕਊਸੈਸ ਇਕੱਠ ਹੁੰਦਾ ਹੈ ਅਤੇ ਇਨ੍ਹਾਂ ਕਊ ਸੈਂਸ ਵਿਚੋਂ ਗਊਆਂ ਨੂੰ ਫੜਨ, ਟਰਾਂਸਪੋਰਟ ਅਤੇ ਇਨ੍ਹਾਂ ਦੀ ਡਾਇਟਮਨੀ 'ਤੇ ਖ਼ਰਚ ਕੀਤਾ ਜਾਂਦਾ ਹੈ | ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਪਸ਼ੂ ਬਠਿੰਡਾ ਦੀਆਂ ਗਲੀਆਂ, ਸੜਕਾਂ, ਮੁਹੱਲੇ ਅਤੇ ਹਾਈਵੇ ਆਦਿ 'ਤ ਘੁੰਮਦੇ ਨਜ਼ਰ ਆ ਰਹੇ ਹਨ | ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਜਦੋਂ ਤੱਕ ਬਠਿੰਡਾ ਦੇ ਆਲੇ-ਦੁਆਲੇ ਬਾਹਰੀ ਇਲਾਕਿਆਂ ਤੋਂ ਆਉਣ ਵਾਲੇ ਆਵਾਰਾ ਪਸ਼ੂਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਈ ਜਾਂਦੀ, ਉਦੋਂ ਤੱਕ ਬਠਿੰਡਾ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਮੁਹੱਲੇ 'ਚ ਪਸ਼ੂ ਦਿਖਾਈ ਦੇਣਗੇ | ਗੋਇਲ ਨੇ ਕਿਹਾ ਕਿ ਉਸ ਨੇ ਨਗਰ ਨਿਗਮ ਬਠਿੰਡਾ ਨੂੰ 26 ਨਵੰਬਰ 2025 ਨੂੰ ਇਕ ਆਰ.ਟੀ.ਆਈ. ਪੱਤਰ ਪਾ ਕੇ ਸਾਲ 2020 ਦੇ ਬਾਅਦ ਤੋਂ ਫੜੇ ਗਏ ਆਵਾਰਾ ਗਊਵੰਸ ਦੀ ਪ੍ਰਤੀ ਸਾਲ ਦੀ ਕੁਲ ਸੰਖਿਆਂ ਆਦਿ ਬਾਰੇ ਸੂਚਨਾ ਮੰਗੀ ਗਈ ਸੀ, ਜਿਸ ਦੀ ਸੂਚਨਾ ਉਸ ਨੂੰ 29 ਦਸੰਬਰ 2025 ਨੂੰ ਦਿੱਤੀ ਗਈ ਹੈ | ਨਗਰ ਨਿਗਮ ਬਠਿੰਡਾ ਤੋਂ ਮਿਲੀ ਸੂਚਨਾ ਅਨੁਸਾਰ ਸਾਲ 2020 ਤੋਂ ਲੈ ਕੇ 17 ਦਸੰਬਰ 2025 ਤੱਕ ਕਰੀਬ 6 ਸਾਲਾਂ 'ਚ ਕੁਲ 10101 ਗਊਆਂ ਨੂੰ ਫੜ ਕੇ ਅਲੱਗ-ਅਲੱਗ ਗਊਸਾਲਾਂ 'ਚ ਭੇਜਿਆ ਗਿਆ ਹੈ | ਜਿਨ੍ਹਾਂ ਵਿਚੋਂ ਕੁਝ ਪ੍ਰਤੀਸ਼ਤ ਅਲੱਗ-ਅਲੱਗ ਗਊਵੰਸ਼ ਦੀ ਮੌਤ ਹੋ ਚੁੱਕੀ ਹੈ |