ਸੰਗਤ ਮੰਡੀ, 4 ਫਰਵਰੀ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)- ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਥਾਣਾ ਸੰਗਤ ਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਅਚਾਨਕ ਗੋਲੀਆਂ ਚੱਲਣ ਨਾਲ ਪਿੰਡ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ | ਥਾਣਾ ਸੰਗਤ ਦੇ ਮੁਖੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਗੁਰੂਸਰ ਸੈਣੇਵਾਲਾ ਦੇ ਰੇਲਵੇ ਸਟੇਸ਼ਨ ਨੇੜੇ ਬਣੀ ਢਾਣੀ ਵਿਖੇ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਉਹ ਮੌਕਾ ਪਰ ਪੱੁਜੇ ਜਿਥੇ ਢਾਣੀ ਦੇ ਮਾਲਕ ਨਿਰਮਲ ਸਿੰਘ ਟੀਟੂ ਪੁੱਤਰ ਮੇਜਰ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਨ੍ਹਾਂ ਦੇ ਘਰ ਸ਼ੱਕੀ ਹਾਲਤਾਂ 'ਚ ਦੋ ਕਾਰਾਂ 'ਤੇ ਸਵਾਰ ਹਥਿਆਰਬੰਦ ਇਕ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵਲੋਂ ਵੜ੍ਹ ਕੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜੋ ਨਹਿੰਗਾਂ ਦੇ ਬਾਣੇ 'ਚ ਆਏ ਸਨ | ਉਨ੍ਹਾਂ ਦੱਸਿਆ ਕਿ ਆਤਮ ਰੱਖਿਆ ਲਈ ਉਨ੍ਹਾਂ ਵੱਲੋਂ ਜਵਾਬੀ ਕਾਰਵਾਈ ਤਹਿਤ ਚਲਾਈ ਗੋਲੀ ਤੋਂ ਬਾਅਦ ਉਹ ਘਟਨਾ ਸਥਾਨ ਤੋਂ ਦੌੜ ਗਏ | ਥਾਣਾ ਮੁਖੀ ਨੇ ਦੱਸਿਆ ਕਿ ਇਸੇ ਮਾਮਲੇ ਤਹਿਤ ਮੁਕਤਸਰ ਵਾਸੀ ਚਰਨਜੀਤ ਕੌਰ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਨਿਰਮਲ ਸਿੰਘ ਟੀਟੂ ਪੁੱਤਰ ਮੇਜਰ ਸਿੰਘ ਵਲੋਂ ਉਸ ਦੇ ਭਰਾ ਦੀ ਥਾਰ ਗੱਡੀ ਜਬਰੀ ਆਪਣੇ ਘਰ ਰੱਖੀ ਹੋਈ ਹੈ, ਜਿਸ ਨੂੰ ਲੈਣ ਲਈ ਉਹ ਨਹਿੰਗ ਜਥੇਬੰਦੀ ਤਰਨਾਦਲ ਦੇ ਕੁੱਝ ਮੈਂਬਰਾਂ ਨੂੰ ਨਾਲ ਲੈ ਕੇ ਗੱਲਬਾਤ ਲਈ ਉਨ੍ਹਾਂ ਦੇ ਘਰ ਗਏ ਸਨ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ ਜੋ ਉਨ੍ਹਾਂ ਦੀ ਕਾਰ ਪੀ.ਬੀ. 30 ਐਕਸ. 8412 ਦੇ ਲੱਗੀ ਹੈ ਅਤੇ ਉਨ੍ਹਾਂ ਦਾ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਥਾਣਾ ਸੰਗਤ ਦੀ ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨਾਂ ਦੇ ਅਧਾਰ 'ਤੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |