ਭਾਈਰੂਪਾ, 11 ਮਾਰਚ (ਵਰਿੰਦਰ ਲੱਕੀ)-ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ (ਪੀ.ਐਮ ਕਿਸਾਨ) ਨੂੰ ਹੋਰ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਹੁਣ ਹਰੇਕ ਲਾਭਪਾਤਰੀ ਕਿਸਾਨ ਲਈ 'ਫ਼ਾਰਮਰ ਰਜਿਸਟਰੀ' ਚ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਸਿਧਾਣਾ ਕਾਮਨ ਸੈਂਟਰ ਭਾਈਰੂਪਾ ਦੇ ਮਾਲਕ ਭੁਸ਼ਨ ਕੁਮਾਰ ਸਿਧਾਣਾ ਨੇ ਸਾਂਝੀ ਕਰਦਿਆਂ ਦੱਸਿਆ ਕਿ ਫਾਰਮਰ ਰਜਿਸਟਰੀ ਦੇ ਤਹਿਤ ਹਰੇਕ ਕਿਸਾਨ ਦੀ ਇਕ ਵਿਲੱਖਣ ਕਿਸਾਨ ਆਈ. ਡੀ. ਤਿਆਰ ਕੀਤੀ ਜਾਵੇਗੀ, ਜਿਸ ਨੂੰ ਉਸ ਦੇ ਮੌਜੂਦਾ ਪੀ. ਐਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਇਸ ਮਾਲ ਕਿਸਾਨਾਂ ਦੀ ਪਹਿਚਾਣ ਤੇ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀ ਤਸਦੀਕ ਆਸਾਨੀ ਨਾਲ ਹੋ ਸਕੇਗੀ ਅਤੇ ਸਰਕਾਰੀ ਮੱਦਦ ਸਿੱਧੇ ਤੌਰ 'ਤੇ ਅਸਲ ਹੱਕਦਾਰ ਕਿਸਾਨਾਂ ਤੱਕ ਪਹੁੰਚੇਗੀ | ਸਿਧਾਣਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੀ ਫਾਰਮਰ ਰਜਿਸਟਰੀ ਨਹੀਂ ਕਰਵਾਈ ਹੋਵੇਗੀ ਉਨ੍ਹਾਂ ਨੂੰ ਭਵਿੱਖ 'ਚ ਪੀ. ਐਮ. ਕਿਸਾਨ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਨਹੀਂ ਹੋਣਗੀਆਂ | ਸਿਧਾਣਾ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਤੋਂ ਆਪਣੀ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਕਰਨ | ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਿਧਾਣਾ ਕਾਮਨ ਸਰਵਿਸ ਭਾਈਰੂਪਾ ਜਾਂ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ |