ਬਠਿੰਡਾ, 12 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਧੋਬੀਆਣਾ ਬਸਤੀ ਦੇ ਨਸ਼ੇ ਨਾਲ ਜੁੜੇ ਇਕ ਵਿਅਕਤੀ ਦੇ ਸਰਕਾਰੀ ਜਗ੍ਹਾ ਵਿਚ ਨਜਾਇਜ਼ ਤੌਰ 'ਤੇ ਬਣਾਏ ਘਰ ਉਪਰ ਪੀਲਾ ਪੰਜਾ ਚਲਾਉਂਦੇ ਹੋਏ ਉਸ ਨੂੰ ਢਾਹ-ਢਹਿ ਕਰ ਦਿੱਤਾ ਹੈ | ਇਹ ਕਾਰਵਾਈ ਜ਼ਿਲ੍ਹਾ ਸਿਵਲ ਪ੍ਰਸ਼ਾਸਨ (ਪੁੱਡਾ) ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਕਾਰਵਾਈ ਦੀ ਪੁਲਿਸ ਪ੍ਰਸ਼ਾਸਨ ਵਲੋਂ ਅਗਵਾਈ ਕਰ ਰਹੇ ਐੱਸ. ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਧੋਬੀਆਣਾ ਬਸਤੀ ਦੇ ਵਸਨੀਕ ਜਿਸ਼ਨ ਅਲੀ ਉਰਫ਼ ਕੈਪਸੂਲ ਵਲੋਂ ਇੱਥੇ ਪੁੱਡਾ ਦੀ ਸਰਕਾਰੀ ਜਗ੍ਹਾ ਵਿਚ ਗੈਰ-ਕਾਨੂੰਨੀ ਢੰਗ ਨਾਲ ਉਸਾਰੀ ਕਰਕੇ ਆਪਣਾ ਘਰ ਬਣਾਇਆ ਗਿਆ ਸੀ, ਜਿਸ ਸਬੰਧੀ ਉਸ ਨੂੰ ਪੁੱਡਾ ਵਲੋਂ ਕਈ ਵਾਰ ਨੋਟਿਸ ਦਿੱਤੇ ਗਏ ਪਰ ਉਸ ਨੇ ਇਸ ਜਗ੍ਹਾ ਨੂੰ ਖਾਲੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰੀ ਜਗ੍ਹਾ ਤੋਂ ਕਬਜ਼ਾ ਛੁਡਵਾਉਣ ਲਈ ਬਣਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਅੱਜ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਦੇ ਹੁਕਮਾਂ ਤਹਿਤ ਉਕਤ ਗੈਰ-ਕਾਨੂੰਨੀ ਉਸਾਰੀ ਨੂੰ ਜੇ. ਸੀ. ਬੀ. ਮਸ਼ੀਨ ਨਾਲ ਢਾਹ ਦਿੱਤਾ ਗਿਆ ਹੈ | ਐੱਸ. ਪੀ. ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਦੇ ਖਿਲਾਫ਼ ਨਸ਼ੇ ਅਤੇ ਹੋਰ ਸੰਗੀਨ ਜੁਰਮਾਂ ਦੇ ਤਹਿਤ ਇਕ ਮੁਕੱਦਮਾ ਵੀ ਦਰਜ ਹੈ, ਜਿਸ ਲਈ ਨਸ਼ੇ ਦੇ ਧੰਦੇ ਨਾਲ ਜੁੜੇ ਕਿਸੇ ਵੀ ਵਿਅਕਤੀ ਨਾਲ ਕੋਈ ਰਿਆਤ ਨਹੀਂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੀ ਕਰਵਾਈ ਤਹਿਤ ਹੁਣ ਤੱਕ 14 ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹਿਆ ਹੈ ਅਤੇ 2116 ਮੁਕੱਦਮੇ ਦਰਜ ਕਰਕੇ 3087 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸੇ ਤਰਾਂ ਨਸ਼ੇ ਦੇ ਧੰਦੇ ਨਾਲ ਜੁੜੇ 85 ਦੋਸ਼ੀਆਂ ਦੀ 14 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਫਰੀਜ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਕੋਈ ਵੀ ਬੰਦਾ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ |