ਤਲਵੰਡੀ ਸਾਬੋ, 5 ਅਪ੍ਰੈਲ (ਰਣਜੀਤ ਸਿੰਘ ਰਾਜੂ)- ਪਿਛਲੇ ਦਿਨੀਂ ਹਰਿਆਣਾ ਦੇ ਸੋਨੀਪਤ ਲਾਗੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਅਕਾਲ ਚਲਾਣਾ ਕਰ ਚੁੱਕੇ ਕਾਂਗਰਸ ਦੇ ਹਲਕਾ ਇੰਚਾਰਜ ਰਹੇ ਖੁਸ਼ਬਾਜ਼ ਸਿੰਘ ਜਟਾਣਾ ਦੀਆਂ ਅਸਥੀਆਂ ਅੱਜ ਕੀਰਤਪੁਰ ਸਾਹਿਬ ਵਿਖੇ ਧਾਰਮਿਕ ਰਹੁ ਰੀਤਾਂ ਮੁਤਾਬਿਕ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ | ਅੱਜ ਪਹਿਲਾਂ ਬਠਿੰਡਾ ਦੀ ਦਾਣਾ ਮੰਡੀ ਨਜ਼ਦੀਕ ਪੈਂਦੇ ਸ਼ਮਸ਼ਾਨ-ਘਾਟ ਵਿਖੇ ਪਹਿਲਾਂ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਦੀਆਂ ਅਸਥੀਆਂ ਇਕੱਤਰ ਕੀਤੀਆਂ ਗਈਆਂ | ਇਸ ਮੌਕੇ ਮਰਹੂਮ ਜਟਾਣਾ ਦੇ ਪਿਤਾ, ਪਤਨੀ, ਬੱਚਿਆਂ, ਭਰਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਕੁਲਬੀਰ ਸਿੰਘ ਜ਼ੀਰਾ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਦੋਵੇਂ ਸਾਬਕਾ ਵਿਧਾਇਕ, ਬਿਕਰਮ ਸਿੰਘ ਮੋਫਰ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਜਸ਼ਨ ਚਹਿਲ ਰਾਮਪੁਰਾ, ਬਲਵੀਰ ਸਿੰਘ ਸਿੱਧੂ ਤਲਵੰਡੀ ਸਾਬੋ, ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਪ੍ਰਧਾਨ ਰਾਜਨ ਗਰਗ, ਯੂਥ ਕਾਂਗਰਸ ਸੂਬਾ ਜਨਰਲ ਸਕੱਤਰ ਰਣਜੀਤ ਸੰਧੂ, ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ (ਦਿਹਾਤੀ) ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਦਿਲਪ੍ਰੀਤ ਸਿੰਘ ਜਟਾਣਾ, ਦਰਸ਼ਨ ਸੰਧੂ ਮਾਨਵਾਲਾ, ਹਰਬੰਸ ਸਿੰਘ ਕਾ.ਪ੍ਰਧਾਨ ਨਗਰ ਕੌਂਸਲ ਤਲਵੰਡੀ ਸਾਬੋ, ਦਵਿੰਦਰ ਸਿੰਘ ਸੂਬਾ ਕੌਂਸਲਰ, ਗੋਰਾ ਸਿੰਘ ਭਾਗੀਵਾਂਦਰ, ਜਗਤਾਰ ਨੰਗਲਾ, ਬਲਕਰਨ ਸਿੰਘ ਬੱਬੂ, ਰੂਬੀ ਸ਼ਰਮਾ ਸਮੇਤ ਵੱਡੀ ਗਿਣਤੀ ਹਲਕੇ ਦੇ ਕਾਂਗਰਸੀ ਆਗੂ ਮੌਜੂਦ ਸਨ | ਅਸਥੀਆਂ ਇਕੱਤਰ ਕਰਨ ਉਪਰੰਤ ਪਰਿਵਾਰਿਕ ਮੈਂਬਰਾਂ ਤੇ ਕੁਝ ਨਜ਼ਦੀਕੀਆਂ ਵਲੋਂ ਕੀਰਤਪੁਰ ਸਾਹਿਬ ਪਹੁੰਚ ਕੇ ਗੁ: ਪਤਾਲਪੁਰੀ ਸਾਹਿਬ ਦੇ ਅਸਥੀਘਾਟ ਵਿਖੇ ਮਰਹੂਮ ਆਗੂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ |