ਨਵੀਂ ਦਿੱਲੀ, 22 ਸਤੰਬਰ- ਦਿੱਲੀ ਦੇ ਕਾਲਕਾਜੀ ਮੰਦਰ ਨੇੜੇ 17 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ। ਮੰਗਲਵਾਰ ਸਵੇਰੇ ਪੁਲਿਸ ਨੇ ਇਕ ਮੁਠਭੇੜ ਤੋਂ ਬਾਅਦ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ ਤੋਂ ਇਕ ਬਾਈਕ ਅਤੇ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ।
ਪੁਲਿਸ ਦੇ ਅਨੁਸਾਰ ਨਾਬਾਲਗ ਆਪਣੇ 17 ਸਾਲਾ ਦੋਸਤ ਨਾਲ ਦਰਸ਼ਨ ਲਈ ਮੰਦਰ ਗਈ ਸੀ। ਇਸ ਤੋਂ ਬਾਅਦ ਉਹ ਆਸਥਾ ਕੁੰਜ ਪਾਰਕ ਪਹੁੰਚੇ। ਉੱਥੇ ਤਿੰਨ ਨੌਜਵਾਨਾਂ ਨੇ, ਜੋ ਕਿ ਪੁਲਿਸ ਕਰਮਚਾਰੀ ਹੋਣ ਦਾ ਦਾਅਵਾ ਕਰ ਰਹੇ ਸਨ, ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕੀਤਾ।
ਇਸ ਮਹੀਨੇ ਦਿੱਲੀ ਵਿਚ ਨਾਬਾਲਗ ਨਾਲ ਜਬਰ ਜਨਾਹ ਦਾ ਇਹ ਤੀਜਾ ਮਾਮਲਾ ਹੈ। 12 ਸਤੰਬਰ ਨੂੰ ਸਵਰੂਪ ਨਗਰ ਵਿਚ 14 ਸਾਲਾ ਨਾਬਾਲਗ ਦਾ ਸਮੂਹਿਕ ਜਬਰ ਜਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। 16 ਸਤੰਬਰ ਨੂੰ ਸਦਰ ਬਾਜ਼ਾਰ ਵਿਚ 10 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ।
ਪੁਲਿਸ ਦੇ ਅਨੁਸਾਰ ਨਾਬਾਲਗ ਨੇ ਕਿਹਾ ਕਿ ਉਹ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਆਪਣੇ ਦੋਸਤ ਨਾਲ ਕਾਲਕਾਜੀ ਮੰਦਰ ਪਹੁੰਚੀ ਸੀ। ਦਰਸ਼ਨ ਕਰਨ ਤੋਂ ਬਾਅਦ ਦੋਵੇਂ ਸ਼ਾਮ 7:30 ਵਜੇ ਦੇ ਕਰੀਬ ਮੰਦਰ ਦੇ ਨੇੜੇ ਇਕ ਪਾਰਕ ਵਿਚ ਗਏ।
ਉਸ ਸਮੇਂ 25 ਤੋਂ 30 ਸਾਲ ਦੀ ਉਮਰ ਦੇ ਤਿੰਨ ਨੌਜਵਾਨ ਪਹੁੰਚੇ ਅਤੇ ਆਪਣੇ ਆਪ ਨੂੰ ਪੁਲਿਸ ਵਾਲੇ ਦੱਸਿਆ। ਦੋਸ਼ ਹੈ ਕਿ ਉਨ੍ਹਾਂ ਦੋਵਾਂ ਨੂੰ ਧਮਕੀਆਂ ਦਿੱਤੀਆਂ ਅਤੇ ਨਾਬਾਲਗ ਨਾਲ ਜਬਰ ਜਨਾਹ ਕੀਤਾ। ਪੀੜਤਾ ਦੇ ਅਨੁਸਾਰ ਦੋਸ਼ੀ ਨੇ ਉਸ ਦੀ ਸਹੇਲੀ ਨੂੰ ਬੰਧਕ ਬਣਾ ਲਿਆ।
ਦਿੱਲੀ ਪੁਲਿਸ ਨੂੰ ਕਾਲਕਾਜੀ ਮੰਦਰ ਅਤੇ ਇਸਕੋਨ ਮੰਦਰ ਦੇ ਨੇੜੇ ਸਮੂਹਿਕ ਜਬਰ ਜਨਾਹ ਦੇ ਸੰਬੰਧ ਵਿਚ ਰਾਤ 8:45 ਵਜੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੇ ਅਨੁਸਾਰ ਮੰਗਲਵਾਰ ਸਵੇਰੇ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਬਾਕੀ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਪੁਲਿਸ ਪਾਰਕ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਸਕੈਨ ਕਰ ਰਹੀ ਹੈ। ਉਹ ਘਟਨਾ ਸਮੇਂ ਪਾਰਕ ਵਿਚ ਜਾਂ ਨੇੜੇ ਮੌਜੂਦ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਪੁਲਿਸ ਨੇ ਪੋਕਸੋ ਐਕਟ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।