ਸੂਬੇ ਦੇ ਸਰਕਾਰੀ ਮਿਡਲ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵਾਂ ਫ਼ਾਰਮੂਲਾ
ਅਜੀਤ ਡੈਸਕ
14-04-2026
ਡੈਮੋਕ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਵਿਰੋਧ
ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਉੱਪ-ਪ੍ਰਧਾਨ ਜਗਪਾਲ ਬੰਗੀ ਨੇ ਕਿਹਾ ਕਿ ਪਹਿਲਾਂ ਹੀ 2021 'ਚ ਮਿਡਲ ਸਕੂਲਾਂ 'ਚੋਂ ਸਰੀਰਕ ਸਿੱਖਿਆ, ਆਰਟ ਐਂਡ ਕਰਾਫ਼ਟ ਤੇ ਹੋਰ ਅਧਿਆਪਕ ਬਾਹਰ ਕੀਤੇ ਜਾ ਚੁੱਕੇ ਹਨ ਤੇ ਹੁਣ ਇਸ ਫ਼ੈਸਲੇ ਨਾਲ ਇਨ੍ਹਾਂ ਸਕੂਲਾਂ ਦੇ ਬੱਚਿਆਂ ਲਈ ਵਿਸ਼ਾ-ਮਾਹਿਰ ਅਧਿਆਪਕਾਂ ਦੀ ਹੋਰ ਵੱਡੀ ਘਾਟ ਪੈਦਾ ਹੋਵੇਗੀ | ਇਹ ਸਿੱਖਿਆ ਦੇ ਅਧਿਕਾਰ 2009 ਦੀ ਸ਼ਰੇਆਮ ਉਲੰਘਣਾ ਹੈ | ਇਸੇ ਤਰ੍ਹਾਂ ਦੂਸਰੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੇ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ 9 ਵਿਸ਼ਿਆਂ ਨੂੰ ਸਿਰਫ਼ 2 ਅਧਿਆਪਕ ਕਿਵੇਂ ਪੜ੍ਹਾਉਣਗੇ, ਵਿਸ਼ੇ ਦਾ ਮਾਹਿਰ ਅਧਿਆਪਕ ਹੀ ਉਹ ਵਿਸ਼ਾ ਪੜਾ ਸਕਦਾ | ਸਰਕਾਰ ਆਰਜ਼ੀ ਪ੍ਰਬੰਧ ਕਰਨ ਦੀ ਬਜਾਏ, ਨਵੀਂ ਭਰਤੀ ਕਰੇ ਤੇ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਨਹੀਂ ਤਾਂ ਅਧਿਆਪਕ ਜਥੇਬੰਦੀਆਂ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |
ਇਹ ਹੈ ਵਿਦਿਆਰਥੀ-ਅਧਿਆਪਕ ਅਨੁਪਾਤ
ਸਿੱਖਿਆ ਦੇ ਅਧਿਕਾਰ ਕਾਨੂੰਨ 2009 ਅਨੁਸਾਰ ਭਾਰਤ 'ਚ ਸਕੂਲਾਂ ਲਈ ਵਿਦਿਆਰਥੀ-ਅਧਿਆਪਕ ਅਨੁਪਾਤ ਅਨੁਸਾਰ ਅੱਪਰ ਪ੍ਰਾਇਮਰੀ/ਮਿਡਲ ਪੱਧਰ (6ਵੀਂ ਤੋਂ 8ਵੀਂ ਕਲਾਸ) ਲਈ ਅਨੁਪਾਤ 35/ 1 ਹੈ ਭਾਵ ਹਰ 35 ਵਿਦਿਆਰਥੀਆਂ ਲਈ 1 ਅਧਿਆਪਕ ਹੈ | ਹਰ ਕਲਾਸ ਲਈ ਘੱਟੋ-ਘੱਟ ਇਕ ਅਧਿਆਪਕ ਅਤੇ ਵਿਗਿਆਨ/ਗਣਿਤ, ਸਮਾਜਿਕ ਸਿੱਖਿਆ ਤੇ ਭਾਸ਼ਾਵਾਂ ਲਈ ਵੱਖਰੇ ਅਧਿਆਪਕ ਉਪਲਬਧ ਹੋਣੇ ਚਾਹੀਦੇ ਹਨ | ਜੇਕਰ ਵਿਦਿਆਰਥੀਆਂ ਦੀ ਗਿਣਤੀ 100 ਤੋਂ ਵੱਧ ਹੈ ਤਾਂ ਇਕ ਪੂਰੇ ਸਮੇਂ ਦਾ ਮੁੱਖ ਅਧਿਆਪਕ ਅਤੇ ਕਲਾ, ਸਿਹਤ ਤੇ ਸਰੀਰਕ ਸਿੱਖਿਆ ਲਈ ਪਾਰਟ-ਟਾਈਮ ਇੰਸਟ੍ਰਕਟਰ ਹੋਣੇ ਚਾਹੀਦੇ ਹਨ | ਨਵੀਂ ਸਿੱਖਿਆ ਨੀਤੀ 2020 ਦੇ ਤਹਿਤ ਪੱਛੜੇ ਖੇਤਰਾਂ ਵਿਚ ਇਹ ਅਨੁਪਾਤ 25/1 ਤੱਕ ਕਰਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਬੱਚਿਆਂ ਵੱਲ ਵਧੇਰੇ ਨਿੱਜੀ ਧਿਆਨ ਦਿੱਤਾ ਜਾ ਸਕੇ |