ਮਾਨਸਾ, 13 ਅਪ੍ਰੈਲ (ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵਲੋਂ ਨੇੜਲੇ ਪਿੰਡ ਖ਼ਿਆਲਾ ਕਲਾਂ ਵਿਖੇ ਰੈਲੀ ਕੀਤੀ ਗਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਵਲੋਂ ਪੁਰਾਣੇ ਮੀਟਰ ਉਤਾਰ ਨਵੇਂ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਸ਼ਰਾਬ ਦੇ ਠੇਕੇਦਾਰਾਂ ਵਲੋਂ ਪੁਲਿਸ ਦੀ ਸ਼ਹਿ 'ਤੇ ਕਿਸਾਨਾਂ/ਮਜ਼ਦੂਰਾਂ ਦੇ ਘਰਾਂ 'ਚ ਸ਼ਰਾਬ ਦੇ ਬਹਾਨੇ ਮਾਰੇ ਜਾ ਰਹੇ ਛਾਪਿਆਂ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜੇਕਰ ਇਹ ਕਾਰਵਾਈ ਇਸੇ ਤਰਾਂ ਜਾਰੀ ਰਹੀ ਤਾਂ ਜਥੇਬੰਦੀ ਠੇਕੇਦਾਰਾਂ ਦਾ ਪਿੰਡਾਂ 'ਚ ਘਿਰਾਓ ਕਰੇਗੀ | ਇਸ ਮੌਕੇ ਭਖਦੇ ਕਿਸਾਨੀ ਮੁੱਦਿਆਂ 'ਤੇ ਚਰਚਾ ਕਰਦਿਆਂ ਭਵਿੱਖ ਸੰਘਰਸ਼ ਹੋਰ ਤਿੱਖਾ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਹਰਦੇਵ ਸਿੰਘ, ਸ਼ਿੰਦਰਪਾਲ ਸਿੰਘ, ਜੰਟਾ ਸਿੰਘ, ਗੁਰਤੇਜ ਸਿੰਘ, ਜਗਵੀਰ ਸਿੰਘ ਭੈਣੀਬਾਘਾ ਆਦਿ ਹਾਜ਼ਰ ਸਨ |