ਤਲਵੰਡੀ ਸਾਬੋ, 26 ਅਪ੍ਰੈਲ (ਰਣਜੀਤ ਸਿੰਘ ਰਾਜੂ)- ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜ ਹਫ਼ਤਾਵਾਰੀ ਗੁਰਮਤਿ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਢਾਡੀ ਦਰਬਾਰ ਕਰਵਾਇਆ ਗਿਆ ਜਿਸ ਅੰਦਰ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਬੀਰ-ਰਸੀ ਵਾਰਾਂ ਰਾਹੀਂ ਸੰਗਤ ਨੂੰ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਨਾਲ ਜੋੜਿਆ | ਸਮਾਗਮ ਦੇ ਮੁੱਖ ਪੜਾਅ 'ਤੇ ਕਰਵਾਏ ਗਏ ਅੰਮਿ੍ਤ ਸੰਚਾਰ ਦੌਰਾਨ 210 ਪ੍ਰਾਣੀਆਂ ਨੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਗੁਰੂ ਵਾਲੇ ਬਣੇ | ਗੁਰਮਤਿ ਸਮਾਗਮ ਦੌਰਾਨ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੰਗਤ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ | ਉਨ੍ਹਾਂ ਗੁਰਬਾਣੀ ਦੇ ਫ਼ਲਸਫ਼ੇ ਦੀ ਰੌਸ਼ਨੀ ਵਿਚ ਜੀਵਨ ਜਾਚ ਸਿਖਾਉਂਦਿਆਂ ਮਨੁੱਖੀ ਜੀਵਨ ਵਿਚ ਅੰਮਿ੍ਤ ਦੀ ਮਹੱਤਤਾ ਅਤੇ ਗੁਰੂ ਦੀ ਸ਼ਰਨ ਵਿਚ ਆਉਣ ਦੇ ਅਧਿਆਤਮਿਕ ਲਾਭਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ | ਉੱਧਰ ਗੁ:ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਰਵਾਏ ਅੰਮਿ੍ਤ ਸੰਚਾਰ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਵੀ ਸ਼ਮੂਲੀਅਤ ਕੀਤੀ | ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ 'ਸਿੱਖੀ ਸਿਧਾਂਤਾਂ ਦੀ ਰਾਖੀ ਅਤੇ ਪੰਥਕ ਚੜ੍ਹਦੀ ਕਲਾ ਲਈ ਬਾਣੀ ਅਤੇ ਬਾਣੇ ਦਾ ਧਾਰਨੀ ਹੋਣਾ ਲਾਜ਼ਮੀ ਹੈ | ਅਜੋਕੇ ਦੌਰ ਵਿਚ ਜਿੱਥੇ ਸਿੱਖੀ ਸਰੂਪ ਅਤੇ ਵਿਚਾਰਧਾਰਾ ਨੂੰ ਕਈ ਪਾਸਿਆਂ ਤੋਂ ਚੁਣੌਤੀਆਂ ਮਿਲ ਰਹੀਆਂ ਹਨ, ਉੱਥੇ ਕੌਮ ਨੂੰ ਆਪਸੀ ਇਕਜੁੱਟਤਾ ਅਤੇ ਗੁਰੂ-ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ | ਪੰਥਕ ਹਿੱਤਾਂ ਦੀ ਰਾਖੀ ਲਈ ਹਰ ਸਿੱਖ ਨੂੰ ਸੁਚੇਤ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ |' ਗੁਰਮਤਿ ਸਮਾਗਮ ਦੌਰਾਨ ਤਖਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ, ਵਧੀਕ ਮੈਨੇਜਰ ਗੁਰਦੇਵ ਸਿੰਘ ਸੰਧੂ, ਗੁਰਸੇਵਕ ਸਿੰਘ ਕਿੰਗਰਾ ਤੇ ਮਨਦੀਪ ਸਿੰਘ ਮਾਖਾ ਦੋਵੇਂ ਮੀਤ ਮੈਨੇਜਰ, ਧਰਮ ਪ੍ਰਚਾਰ ਕਮੇਟੀ ਸਬ ਆਫ਼ਿਸ ਦੇ ਇੰਚਾਰਜ ਭੋਲਾ ਸਿੰਘ, ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ, ਮੁੱਖ ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਅਤੇ ਕਥਾਵਾਚਕ ਗਿਆਨੀ ਆਲਮ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ |