ਗੋਨਿਆਣਾ, 12 ਮਈ (ਲਛਮਣ ਦਾਸ ਗਰਗ)-ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ, ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ 26 ਮਈ ਨੂੰ ਕਰਵਾਈਆਂ ਜਾ ਰਹੀਆਂ ਵੋਟਾਂ ਦੀਆਂ ਨਾਮਜ਼ਦਗੀਆਂ ਅੱਜ ਤੋਂ ਸ਼ੂਰੂ ਹੋ ਰਹੀਆਂ ਹਨ | ਜਿਸ ਤਹਿਤ ਗੋਨਿਆਣਾ ਮੰਡੀ ਦੀਆਂ ਨਗਰ ਕੌਂਸਲ ਦੇ ਸਮੂਹ 13 ਵਾਰਡਾਂ ਦੀਆਂ 12301 ਵੋਟਾਂ ਵੀ ਇਸੇ ਹੀ ਦਿਨ ਕਰਵਾਈਆਂ ਜਾ ਰਹੀਆਂ ਹਨ | ਨਗਰ ਕੌਂਸਲ ਵਿਚ ਕੌਂਸਲਰ ਬਣਨ ਦੇ ਚਾਹਵਾਨ ਉਮੀਦਵਰ ਅੱਜ ਤੋਂ ਸਥਾਨਕ ਮਾਰਕਿਟ ਕਮੇਟੀ ਵਿਖੇ ਰਿਟਰਨਿੰਗ ਅਫ਼ਸਰ ਭੀਸ਼ਮ ਪਾਂਡੇ ਨਾਇਬ ਤਹਿਸੀਲਦਾਰ ਗੋਨਿਆਣਾ ਮੰਡੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਹਰਪ੍ਰੀਤ ਸਿੰਘ ਧਾਲੀਵਾਲ ਐਸ. ਡੀ. ਓ., ਪੀ. ਡਬਲਯੂ. ਆਰ. ਐਮ. ਡੀ. ਸੀ. ਕੋਲ ਆਪੋ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਉਣਗੇ | ਇਸ ਵਾਰ ਇਲਾਕੇ ਦੇ ਵੋਟਰਾਂ ਨੂੰ ਭਰਮਾਉਣ ਲਈ ਕੁਝ ਪੁਰਾਣੇ ਚਿਹਰੇ ਅਤੇ ਕੁਝ ਨਵੇਂ ਚਿਹਰੇ ਸਾਹਮਣੇ ਆਉਣਗੇ | ਵੋਟਾਂ ਦੌਰਾਨ ਵੋਟਰਾਂ ਨੇ ਦੇਖਣਾ ਹੈ ਕਿ ਕਿਹੜੇ ਉਮੀਦਵਾਰ ਕੌਂਸਲਰ ਬਣ ਕੇ ਇਲਾਕਾ ਨਿਵਾਸੀਆਂ ਦਾ ਕੰਮਕਾਰ ਨੇਪਰੇ ਚੜ੍ਹਾਉਣ ਵਿਚ ਸਹਾਈ ਹੋਣਗੇ ਅਤੇ ਕਿਹੜੇ ਕੌਂਸਲਰ ਬਣ ਕੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਣਗੇ | ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |