ਬੱਸ 'ਚ ਸਵਾਰ ਬਜ਼ੁਰਗ ਦੀ ਜੇਬ ਵਿਚੋਂ ਨੌਜਵਾਨ ਨੇ ਕੱਢੇ 15 ਹਜ਼ਾਰ ਰੁਪਏ
ਅਜੀਤ ਡੈਸਕ
13-05-2026
ਬਠਿੰਡਾ, 12 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਤਿੰਨਕੋਨੀ ਚੌਂਕ ਨੇੜੇ ਇਕ ਬੱਸ ਵਿਚ ਸਵਾਰ ਬਜ਼ੁਰਗ ਦੀ ਜੇਬ ਵਿਚੋਂ ਨੌਜਵਾਨ 15 ਹਜ਼ਾਰ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਦਾ ਪਤਾ ਲੱਗਦੇ ਹੀ ਲੋਕਾਂ ਨੇ ਮੌਕੇ ਤੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਛਿੱਤਰਪ੍ਰੇਡ ਕੀਤੀ ਗਈ | ਜਾਣਕਾਰੀ ਅਨੁਸਾਰ ਭਗਤਾ ਭਾਈਕਾ ਦੇ ਨੇੜੇ ਹਮੀਰਗੜ ਦਾ ਰਹਿਣ ਵਾਲਾ ਬਜ਼ੁਰਗ ਵਿਅਕਤੀ ਆਦੇਸ਼ ਹਸਪਤਾਲ ਵਿਚੋਂ ਇਲਾਜ ਅਧੀਨ ਆਪਣੇ ਪੁੱਤਰ ਨੂੰ ਮਿਲ ਕੇ ਬੱਸ ਰਾਹੀ ਵਾਪਸ ਆਪਣੇ ਪਿੰਡ ਜਾ ਰਿਹਾ ਸੀ | ਇਸ ਦੌਰਾਨ ਜਿਵੇਂ ਹੀ ਉਹ ਤਿੰਨਕੋਨੀ ਚੌਂਕ ਕੋਲ ਪਹੁੰਚਿਆ ਤਾਂ ਇਕ ਸ਼ੱਕੀ ਨੌਜਵਾਨ ਨੇ ਬਜ਼ੁਰਗ ਦੀ ਜੇਬ ਵਿਚੋਂ ਪੈਸੇ ਕੱਢ ਲਏ | ਜਿਵੇਂ ਹੀ ਬਜ਼ੁਰਗ ਨੂੰ ਪੈਸੇ ਗ਼ਾਇਬ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਰੋਲਾ ਪਾ ਦਿੱਤਾ ਗਿਆ, ਮੌਕੇ 'ਤੇ ਮੌਜੂਦ ਲੋਕਾਂ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਛਿੱਤਰਪ੍ਰੇਡ ਕੀਤੀ | ਬਜ਼ੁਰਗ ਨੇ ਦੱਸਿਆ ਕਿ ਉਹ ਹਮੀਰਗੜ ਦਾ ਰਹਿਣ ਵਾਲਾ ਹੈ ਤੇ ਆਦੇਸ਼ ਹਸਪਤਾਲ ਵਿਚ ਆਪਣੇ ਪੁੱਤਰ ਨੂੰ ਦਵਾਈ ਦੇਣ ਤੋਂ ਬਾਦ ਪਿੰਡ ਜਾ ਰਿਹਾ ਸੀ | ਇਸ ਦੀ ਸ਼ਿਕਾਇਤ ਪੁਲਿਸ ਨੂੰ ਮਿਲਣ ਉਪਰੰਤ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ, ਜਿੰਨਾਂ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਉਪਰੰਤ ਥਾਣਾ ਕੋਤਵਾਲੀ ਪਹੁੰਚਾਇਆ ਗਿਆ | ਪੁਲਿਸ ਮੁਲਾਜ਼ਮਾਂ ਅਨੁਸਾਰ ਉਨਾਂ ਵਲੋਂ ਮਾਮਲੇ ਦੀ ਪੜਤਾਲ ਕਰਦੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |