ਬਠਿੰਡਾ, 12 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਨਗਰ ਨਿਗਮ 'ਚ ਤੈਨਾਤ ਸਫ਼ਾਈ ਸੇਵਕ ਅਤੇ ਸੀਵਰੇਜ ਵਰਕਰਜ਼ ਯੂਨੀਅਨ ਦੇ ਆਊਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਵਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਜਾਰੀ ਰੱਖਿਆ ਗਿਆ ਹੈ | ਜਿਸ ਕਾਰਨ ਸ਼ਹਿਰ ਵਿਚ ਸਫ਼ਾਈ ਪੱਖੋਂ ਬੂਰਾ ਹਾਲ ਹੋ ਗਿਆ ਹੈ | ਪਿਛਲੇ ਕਈ ਦਿਨਾਂ ਤੋਂ ਸ਼ਹਿਰ 'ਚ ਸਫ਼ਾਈ ਨਾ ਹੋਣ ਅਤੇ ਘਰਾਂ ਵਿਚ ਕੂੜਾ ਨਾ ਚੁੱਕੇ ਜਾਣ ਕਾਰਨ ਲੋਕਾਂ ਵਲੋਂ ਸ਼ਹਿਰ ਦੇ ਹਰ ਗਲੀ ਮੁਹੱਲੇ ਵਿਚ ਕੁੜੇ ਦੇ ਢੇਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ | ਸ਼ਹਿਰ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਸਤਾਉਣ ਲੱਗਾ ਹੈ | ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਰਵੀ ਚਾਵਰੀਆ ਅਤੇ ਜਨਰਲ ਸਕੱਤਰ ਰਾਜੇਸ ਕੁਮਾਰ ਨੇ ਦੱਸਿਆ ਕਿ ਨਿਗਮ 'ਚ ਪਿਛਲੇ ਲੰਬੇ ਸਮੇਂ ਤੋ ਸੇਵਾਵਾਂ ਨਿਭਾ ਰਹੇ ਆਊਟ ਸੋਰਸ ਅਤੇ ਕੱਚੇ ਮੁਲਾਜ਼ਮਾਂ (ਸਫ਼ਾਈ ਸੇਵਕ, ਸੀਵਰਮੈਨ, ਮਾਲ, ਬੇਲਦਾਰ, ਇਲੈਕਟਿ੍ਸ਼ਨ, ਪੰਪ ਓਪਰੇਟਰ, ਕੰਪਿਊਟਰ ਓਪਰੇਟਰ, ਕਲਰਕ, ਡਰਾਈਵਰ) ਆਦਿ ਦੀਆ ਸਮੱਸਿਆਵਾਂ ਅਤੇ ਰੈਗੂਲਰ ਕਰਨ ਦੀ ਮੰਗ ਅਤੇ ਮਿਊਾਸੀਪਲ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਤਨਖ਼ਾਹ ਸਮੇਂ ਸਿਰ ਦੇਣਾ, ਕੱਚੇ ਮੁਲਾਜ਼ਮਾਂ ਨੂੰ ਵਰਦੀ ਜਲਦ ਦੇਣਾ, ਸੀਵਰਮੈਨਾਂ ਦੀਆਂ ਖ਼ਾਲੀ ਪਈਆ ਅਸਾਮੀਆਂ ਨੂੰ ਜਲਦ ਭਰਨ, ਜੋ ਮੁਲਾਜ਼ਮ ਸੇਵਾ ਮੁਕਤ ਹੋਏ ਹਨ, ਉਨ੍ਹਾਂ ਦੀ ਪੈਨਸ਼ਨ ਅਦਾਇਗੀ ਦੀ ਤਰੀਕ 3 ਨੂੰ ਖ਼ਾਤਿਆਂ ਵਿਚ ਪਾਈ ਜਾਵੇ ਤੋਂ ਇਲਾਵਾ ਹੋ ਮੰਗਾਂ ਹਨ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰਨਗੇ | ਉੱਧਰ ਸ਼ਹਿਰ ਵਿਚ ਸਫ਼ਾਈ ਨਾ ਹੋਣ ਅਤੇ ਗੰਦਗੀ ਫੈਲੀ ਹੋਣ ਦੇ ਮਾਮਲੇ ਵਿਚ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਸ਼ਹਿਰ 'ਚ ਸਫ਼ਾਈ ਪੱਖੋਂ ਬੂਰਾ ਹਾਲ ਹੋ ਗਿਆ ਹੈ | ਜਿਸ ਕਾਰਨ ਜਲਦ ਸਫ਼ਾਈ ਕਰਵਾ ਕੇ ਲੋਕਾਂ ਰਾਹਤ ਪ੍ਰਦਾਨ ਕੀਤੀ ਜਾਵੇ |