ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਦੀ ਚੋਣ ਮੁਲਤਵੀ, 'ਆਪ' ਅਤੇ ਅਕਾਲੀ ਦਲ 'ਚ ਫਸਿਆ ਪੇਚ
ਅਜੀਤ ਡੈਸਕ
15-05-2026
ਬਠਿੰਡਾ, 14 ਮਈ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਅੰਦਰ ਪਿਛਲੇ ਸਾਲ ਦਸੰਬਰ ਮਹੀਨੇ ਦੇ ਅੱਧ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਕਈ ਮਹੀਨੇ ਬੀਤ ਜਾਣ ਬਾਅਦ ਹੁਣ ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨ ਬਣਾਉਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਬਾਅਦ ਚੇਅਰਮੈਨ ਚੁਣਨ ਦਾ ਰਾਹ ਪੱਧਰਾ ਹੋਇਆ ਹੈ ਪਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਨੂੰ ਲੈ ਕੇ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਪੇਚ ਫਸ ਗਿਆ ਹੈ | ਨੋਟੀਫ਼ਿਕੇਸ਼ਨ ਅਨੁਸਾਰ ਅੱਜ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਦੀ ਚੋਣ ਕੀਤੀ ਜਾਣੀ ਸੀ, ਜਿਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ 'ਚ ਬਹੁਮਤ ਨੂੰ ਲੈ ਕੇ ਪੇਚ ਫਸਣ ਕਰਕੇ ਇਹ ਚੋਣ ਅੱਜ ਸਿਰੇ ਨਹੀਂ ਚੜ ਸਕੀ ਤੇ ਆਖ਼ਰ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ | ਜ਼ਿਲੇ੍ਹ ਦੀ ਇਸ ਵਕਾਰੀ ਕੁਰਸੀ 'ਤੇ ਬੈਠਣ ਲਈ ਜਿੱਥੇ ਆਪ ਜੋੜ-ਤੋੜ ਦੀ ਰਾਜਨੀਤੀ ਵਿਚ ਜੁਟੀ ਹੋਈ ਹੈ, ਉੱਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੱਡੀ ਗਿਣਤੀ 'ਚ ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਵਾਲਾ ਅਕਾਲੀ ਦਲ ਕਿਸੇ ਵੀ ਹਾਲਤ ਵਿਚ ਇਹ ਸੀਟ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ ਹੈ | 14 ਦਸੰਬਰ 2025 ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ 17 ਦਸੰਬਰ ਨੂੰ ਐਲਾਨ ਕੀਤੇ ਗਏ ਨਤੀਜਿਆਂ ਵਿਚ ਜ਼ਿਲ੍ਹਾ ਬਠਿੰਡਾ ਦੀਆਂ ਕੁਲ 17 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚੋਂ ਸੂਬੇ ਦੀ ਸੱਤਾਧਾਰੀ ਧਿਰ ਆਪ ਦੇ ਹਿੱਸੇ ਸਿਰਫ਼ 4 ਜ਼ੋਨਾਂ ਦੀ ਜਿੱਤ ਆਈ ਸੀ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਹੁੰਝਾ ਫੇਰ ਜਿੱਤ ਹਾਸਲ ਕਰਦਿਆਂ 13 ਜ਼ੋਨਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ | ਉਸ ਸਮੇਂ ਤੋਂ ਚੇਅਰਮੈਨੀ ਅਕਾਲੀ ਦਲ ਦੇ ਹਿੱਸੇ ਆਉਣ ਦੀ ਤਸਵੀਰ ਸਾਫ਼ ਹੋ ਗਈ ਸੀ ਪਰ ਸੱਤਾਧਾਰੀ ਧਿਰ ਨੇ ਇਸ ਬਹੁਮਤ ਨੂੰ ਕਿਸੇ ਤਰ੍ਹਾਂ ਨਾਲ ਪਾਟੋ-ਧਾੜ ਕਰਨ ਦੇ ਮਕਸਦ ਨਾਲ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਵਿਚ ਕਰੀਬ 5 ਮਹੀਨਿਆਂ ਦੀ ਲੰਬੀ ਦੇਰੀ ਕੀਤੀ ਹੈ, ਉੱਥੇ ਅਜੇ ਵੀ ਚੋਣ ਨੂੰ ਲਟਕਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ | ਦੂਜੇ ਪਾਸੇ ਪਤਾ ਲੱਗਿਆ ਹੈ ਕਿ ਇਹ ਚੋਣ, ਚੋਣ ਅਧਿਕਾਰੀ ਦੀ ਅਚਾਨਕ ਸਿਹਤ ਵਿਗੜਨ ਕਰਕੇ ਮੁਲਤਵੀ ਕੀਤੀ ਗਈ ਹੈ, ਜਦਕਿ ਇਸ ਦੇ ਪਿੱਛੇ ਅਸਲੀਅਤ ਸਿਆਸੀ ਦਬਾਓ ਹੋਣਾ ਦੱਸਿਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਦੀ ਸੀਟ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਕੀਤੀ ਹੈ, ਜਿਸ ਚੋਣ ਨੂੰ ਅਕਾਲੀ ਦਲ ਪੱਬਾਂ ਭਾਰ ਹੈ | ਇਹ ਚੇਅਰਮੈਨੀ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਅਕਾਲੀਆਂ ਦੇ ਹਿੱਸੇ ਆ ਸਕਦੀ ਹੈ, ਜਦਕਿ ਉਪ-ਚੇਅਰਮੈਨੀ 'ਤੇ ਵੀ ਅਕਾਲੀ ਦਲ ਬਿਰਾਜਮਾਨ ਹੋ ਸਕਦਾ ਹੈ, ਜਿਸ ਲਈ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨਾਲ ਸਬੰਧਿਤ ਇਕ ਮਰਹੂਮ ਟਕਸਾਲੀ ਅਕਾਲੀ ਆਗੂ ਦੀ ਧਰਮ-ਪਤਨੀ ਦਾ ਨਾਂਅ ਸਭ ਤੋਂ ਉੱਪਰ ਹੈ | ਬਲਾਕ ਸੰਮਤੀ ਦੀਆਂ ਜ਼ਿਆਦਾਤਰ ਚੇਅਰਮੈਨੀਆਂ ਦੀ ਤਰ੍ਹਾਂ ਸੱਤਾਧਾਰੀ ਧਿਰ ਇਸ ਵਕਾਰੀ ਚੇਅਰਮੈਨੀ ਤੋਂ ਲਗਭਗ ਦੂਰ ਹੋ ਗਈ ਹੈ |