ਅਕਾਲ ਯੂਨੀਵਰਸਿਟੀ ਵਿਖੇ ‘ਦੇਸ਼ ਵੰਡ ਦੇ ਦਰਦ ਦਾ ਯਾਦਗਾਰੀ ਦਿਹਾੜਾ’ ਵਿਸ਼ੇ ਉੱਤੇ ਵਿਸ਼ੇਸ਼ ਸਮਾਗਮ ਕਰਵਾਇਆ
ਤਲਵੰਡੀ ਸਾਬੋ, 20 ਅਗਸਤ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਅਤੇ ਸੋਸ਼ਲ ਸਾਇੰਸ ਵਿਭਾਗ ਦੇ ਸਾਂਝੇ ਉੱਦਮ ਨਾਲ ਯੂਨੀਵਰਸਿਟੀ ਕੈਂਪਸ ਵਿਖੇ ‘ਦੇਸ਼ ਵੰਡ ਦੇ ਦਰਦ ਦਾ ਯਾਦਗਾਰੀ ਦਿਹਾੜਾ’ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾ.
ਤਲਵੰਡੀ ਸਾਬੋ, 20 ਅਗਸਤ (ਰਣਜੀਤ ਸਿੰਘ ਰਾਜੂ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਅਤੇ ਸੋਸ਼ਲ ਸਾਇੰਸ ਵਿਭਾਗ ਦੇ ਸਾਂਝੇ ਉੱਦਮ ਨਾਲ ਯੂਨੀਵਰਸਿਟੀ ਕੈਂਪਸ ਵਿਖੇ ‘ਦੇਸ਼ ਵੰਡ ਦੇ ਦਰਦ ਦਾ ਯਾਦਗਾਰੀ ਦਿਹਾੜਾ’ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਬਿਲਾਲ ਮਾਜਿਦ ਦੇ ਉਦਘਾਟਨੀ ਤੇ ਵਿਸ਼ੇਸ਼ ਭਾਸ਼ਣ ਨਾਲ ਹੋਈ। ਉਨ੍ਹਾਂ ਆਪਣੇ ਸੰਬੋਧਨ ਵਿਚ 1947 ਦੀ ਭਾਰਤ ਵੰਡ ਦੇ ਇਤਿਹਾਸਕ ਪਿਛੋਕੜ ਅਤੇ ਇਸ ਦੇ ਸਮਾਜਿਕ ਤੇ ਮਨੁੱਖੀ ਜੀਵਨ ‘ਤੇ ਪਏ ਦੂਰਗਾਮੀ ਪ੍ਰਭਾਵਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਸਿਰਫ਼ ਇਤਿਹਾਸ ਦਾ ਇੱਕ ਅਧਿਆਇ ਜਾਂ ਸਿਆਸੀ ਘਟਨਾਕ੍ਰਮ ਨਹੀਂ ਸੀ, ਸਗੋਂ ਇਹ ਲੱਖਾਂ ਪਰਿਵਾਰਾਂ ਦੇ ਉਜਾੜੇ, ਹਿੰਸਾ, ਆਪਣਿਆਂ ਤੋਂ ਵਿਛੋੜੇ, ਬੇਘਰ ਹੋਣ ਅਤੇ ਰੋਜ਼ੀ-ਰੋਟੀ ਖੋਹੇ ਜਾਣ ਦੀ ਇਕ ਡੂੰਘੀ ਮਨੁੱਖੀ ਤ੍ਰਾਸਦੀ ਸੀ। ਭਾਸ਼ਣ ਉਪਰੰਤ ਵੰਡ ਦੇ ਦਰਦਨਾਕ ਇਤਿਹਾਸ ਅਤੇ ਮਨੁੱਖੀ ਪ੍ਰਭਾਵਾਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਦਿਖਾਈ ਗਈ ਜਿਸ ਨਾਲ ਹਾਲ ਵਿਚ ਮੌਜੂਦ ਹਾਜ਼ਰੀਨ ਭਾਵੁਕ ਹੋ ਗਏ। ਇਸ ਤੋਂ ਇਲਾਵਾ ਦੇਸ਼ ਵੰਡ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ, ਘਰ-ਬਾਰ ਤੋਂ ਬੇਘਰ ਹੋਏ ਅਤੇ ਬਲੀਦਾਨ ਦੇਣ ਵਾਲੇ ਅਣਗਿਣਤ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦਾ ਇਕ ਹੋਰ ਅਹਿਮ ਅਤੇ ਪ੍ਰਭਾਵਸ਼ਾਲੀ ਹਿੱਸਾ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਪੋਸਟਰ ਪ੍ਰਦਰਸ਼ਨੀ ਸੀ। ‘ਦੇਸ਼ ਵੰਡ ਅਤੇ ਇਸ ਦੀ ਇਤਿਹਾਸਕ ਮਹੱਤਤਾ’ ‘ਤੇ ਆਧਾਰਿਤ ਇਸ ਪ੍ਰਦਰਸ਼ਨੀ ਵਿਚ ਪੋਸਟਰਾਂ ਦੇ ਮੁੱਖ ਵਿਸ਼ੇ ਵਿਸਥਾਪਨ,ਹਿੰਸਾ, ਪਰਿਵਾਰਕ ਵਿਛੋੜਾ, ਘਰਾਂ ਤੇ ਰੋਜ਼ੀ-ਰੋਟੀ ਦਾ ਨੁਕਸਾਨ ਅਤੇ ਇਤਿਹਾਸਕ ਯਾਦਾਂ ਸਨ। ਪ੍ਰਦਰਸ਼ਨੀ ਦੌਰਾਨ ਇਸ ਗੱਲ ‘ਤੇ ਖ਼ਾਸ ਜ਼ੋਰ ਦਿੱਤਾ ਗਿਆ ਕਿ ਮਨੁੱਖੀ ਦੁੱਖਾਂ ਨੂੰ ਸਸਤੀ ਲੋਕਪ੍ਰਿਯਤਾ ਲਈ ਵਰਤਣ ਦੀ ਬਜਾਏ, ਪੀੜਤਾਂ ਤੇ ਸਰਵਾਈਵਰਾਂ ਨੂੰ ਪੂਰੇ ਸਤਿਕਾਰ, ਸੰਵੇਦਨਸ਼ੀਲਤਾ ਅਤੇ ਗੌਰਵ ਨਾਲ ਯਾਦ ਕੀਤਾ ਜਾਵੇ। ਇਸ ਪ੍ਰੋਗਰਾਮ ਦਾ ਸਫਲ ਸੰਚਾਲਨ ਪ੍ਰੋਗਰਾਮ ਦੇ ਕੋਆਰਡੀਨੇਟਰਾਂ ਡਾ. ਜ਼ਹੂਰ ਅਹਿਮਦ ਮੀਰ ਅਤੇ ਮਿਸ ਆਕ੍ਰਿਤੀ ਉੱਪਲ ਦੀ ਦੇਖ-ਰੇਖ ਹੇਠ ਹੋਇਆ। ਸਮਾਗਮ ਵਿਚ ਵਿਦਿਆਰਥੀਆਂ ਨੂੰ ਦੇਸ਼ ਦੀ ਸ਼ਾਂਤੀ, ਅਮਨ-ਚੈਨ, ਭਾਈਚਾਰਕ ਸਾਂਝ, ਇਕ ਦੂਜੇ ਪ੍ਰਤੀ ਸਤਿਕਾਰ ਅਤੇ ਮਨੁੱਖੀ ਕਰਤੱਵਾਂ ਨੂੰ ਬਰਕਰਾਰ ਰੱਖਣ ਦੀ ਪ੍ਰੇਰਨਾ ਦਿੱਤੀ ਗਈ।