ਪਰਾਲੀ ਦੀ ਸਾਂਭ ਸੰਭਾਲ ਵਾਲੀ ਖੇਤੀ ਮਸ਼ੀਨਰੀ ਦੇ 8 ਕਰੋੜ ਰੁਪਏ ਦੀ ਸਬਸਿਡੀ ਦੇ ਡਰਾਅ ਕੱਢੇ
ਮਾਨਸਾ, 28 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਦੀ ਅਗਵਾਈ ’ਚ ਖੇਤੀਬਾੜੀ ਵਿਭਾਗ ਵਲੋਂ ਸੀ. ਆਰ.
ਮਾਨਸਾ, 28 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਦੀ ਅਗਵਾਈ ’ਚ ਖੇਤੀਬਾੜੀ ਵਿਭਾਗ ਵਲੋਂ ਸੀ.ਆਰ.ਐਮ ਸਕੀਮ ਦੇ ਫੇਜ-2 ਤਹਿਤ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀ ਖੇਤੀ ਮਸ਼ੀਨਰੀ ਦੇ 8 ਕਰੋੜ ਰੁਪਏ ਦੀ ਸਬਸਿਡੀ ਦੇ ਡਰਾਅ ਕੱਢੇ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਯੋਗ ਪ੍ਰਬੰਧਨ ਕਰਨ ਵਾਲੀ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ਸਕੀਮ ਤਹਿਤ ਜ਼ਿਲ੍ਹਾ ਮਾਨਸਾ ’ਚ ਯੋਗ ਲਾਭਪਾਤਰੀਆਂ ਨੂੰ ਕੁੱਲ 400 ਮਸ਼ੀਨਾਂ ਦੀ ਮਨਜ਼ੂਰੀ ਫੰਡਜ ਰੈਂਡਮਾਈਜ਼ੇਸ਼ਨ ਦੇ ਦਿੱਤੀ ਗਈ ਹੈ। ਐਸ.ਸੀ. (ਵਿਅਕਤੀਗਤ) ਸ਼੍ਰੇਣੀ ਅਧੀਨ ਕੁੱਲ 142 ਮਸ਼ੀਨਾਂ, ਜਨਰਲ ਨਿੱਜੀ ਕਿਸਾਨਾਂ ਲਈ 33 ਮਸ਼ੀਨਾਂ ਅਤੇ ਕੋਆਪਰੇਟਿਵ ਸੁਸਾਇਟੀਆਂ ਦੀ ਕੁੱਲ 44 ਅਰਜੀਆਂ ਦੀਆਂ 225 ਮਸ਼ੀਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ’ਚ 40 ਬੇਲਰ ਅਤੇ ਰੈਕ, 52 ਸੁਪਰ ਸੀਡਰ, 4 ਟਰੈਕਟਰ ਮਾਊਂਟਡ ਲੋਡਰ ਤੋਂ ਇਲਾਵਾ 264 ਹੋਰ ਪਰਾਲੀ ਦਾ ਪ੍ਰਬੰਧਨ ਵਾਲੀਆਂ ਮਸ਼ੀਨਾਂ ਸ਼ਾਮਿਲ ਹਨ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਡਰਾਅ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕੱਢਿਆ ਗਿਆ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨਾਂ ’ਚ ਪਰਾਲੀ ਦੀ ਸਾਂਭ ਸੰਭਾਲ ਲਈ ਵੀ ਵਿਭਾਗ ਵਲੋਂ 16 ਕਰੋੜ ਰੁਪਏ ਦੀ ਸਬਸਿਡੀ ਲਈ ਡਰਾਅ ਕੱਢਿਆ ਗਿਆ ਸੀ ਅਤੇ ਹੁਣ ਦੁਬਾਰਾ 8 ਕਰੋੜ ਰੁਪਏ ਦੀ ਸਬਸਿਡੀ ਦੇ ਡਰਾਅ ਕੱਢੇ ਗਏ ਹਨ।