ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਐਕਸੀਅਨ ਦਫ਼ਤਰ ਅੱਗੇ ਲਗਾਇਆ ਧਰਨਾ
ਮਾਨਸਾ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਇੱਥੇ ਪਾਵਰ ਕਾਮ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਨੇ ਸਰਕਾਰ ਤੇ ਪਾਵਰ ਕਾਮ ਦੇ ਅਧਿਕਾਰੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ।
ਮਾਨਸਾ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਇੱਥੇ ਪਾਵਰ ਕਾਮ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਨੇ ਸਰਕਾਰ ਤੇ ਪਾਵਰ ਕਾਮ ਦੇ ਅਧਿਕਾਰੀਆਂ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ । ਦੱਸਣਯੋਗ ਹੈ ਕਿ ਜਥੇਬੰਦੀ ਵਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਦੇ ਮੱਦੇਨਜ਼ਰ ਪਿਛਲੇ 5 ਦਿਨਾਂ ਤੋਂ ਡੀ.ਸੀ. ਦਫ਼ਤਰ ਨੇੜੇ ਪੱਕਾ ਮੋਰਚਾ ਲਗਾਇਆ ਹੋਇਆ ਹੈ । ਇਸ ਮੋਰਚੇ ’ਚੋਂ ਕਿਸਾਨ ਮੁਜ਼ਾਹਰਾ ਕਰ ਕੇ ਬਿਜਲੀ ਅਧਿਕਾਰੀ ਦੇ ਦਫ਼ਤਰ ਅੱਗੇ ਪਹੁੰਚੇ। ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਸਿਰਫ਼ 5 ਘੰਟੇ ਦਿੱਤੀ ਜਾ ਰਹੀ ਹੈ, ਜਿਸ ਨਾਲ ਫ਼ਸਲਾਂ ਨੂੰ ਸਮੇਂ ਸਿਰ ਪੂਰਾ ਪਾਣੀ ਨਾ ਮਿਲਣ ਕਰ ਕੇ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਿੱਤ-ਰੋਜ਼ ਦਾਅਵੇ ਕਰ ਰਹੀ ਕੀ ਖੇਤੀ ਮੋਟਰਾਂ ਲਈ ਬਿਜਲੀ ਤੇ ਨਹਿਰੀ ਪਾਣੀ ਪੂਰੀ ਮਾਤਰਾ ’ਚ ਦਿੱਤਾ ਜਾ ਰਿਹਾ ਹੈ ਜਦਕਿ ਹਕੀਕਤ ਇਸ ਦੇ ਉਲਟ ਹੈ। ਕਿਸਾਨ ਆਗੂ ਨੇ ਦੱਸਿਆ ਕਿ ਇਸ ਵੇਲੇ ਗਰਮੀ ਜ਼ਿਆਦਾ ਪੈ ਰਹੀ ਹੈ ਅਤੇ ਦੂਸਰੇ ਪਾਸੇ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਨੇ ਧਰਨੇ ’ਚ ਪਹੁੰਚ ਕੇ ਭਰੋਸਾ ਦਿੱਤਾ ਕਿ ਜਲਦ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਧਰਨੇ ਨੂੰ ਭੋਲਾ ਸਿੰਘ ਮਾਖਾ, ਜੁਗਰਾਜ ਸਿੰਘ ਮਾਨਸਾ, ਜਸਵੰਤ ਸਿੰਘ ਉੱਭਾ, ਗੁਰਤੇਜ ਸਿੰਘ ਟਿੱਬੀ, ਨਰਿੰਦਰ ਕੌਰ ਆਹਲੂਪੁਰ ਨੇ ਵੀ ਸੰਬੋਧਨ ਕੀਤਾ।