ਖੜਗੇ ਦੇ ਮੰਚ ਦਾ ‘ਸ਼ੁੱਧੀਕਰਨ’ ਦਲਿਤ ਸਮਾਜ ਦਾ ਅਪਮਾਨ- ਕਲਿਆਣ
ਬੁਢਲਾਡਾ, 3 ਸਤੰਬਰ (ਸੁਨੀਲ ਮਨਚੰਦਾ)- ਆਲ ਇੰਡੀਆ ਕਾਂਗਰਸ ਕਮੇਟੀ ਐਸ. ਸੀ.
ਬੁਢਲਾਡਾ, 3 ਸਤੰਬਰ (ਸੁਨੀਲ ਮਨਚੰਦਾ)- ਆਲ ਇੰਡੀਆ ਕਾਂਗਰਸ ਕਮੇਟੀ ਐਸ. ਸੀ. ਵਿੰਗ ਦੇ ਕੌਮੀ ਆਗੂ ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਕਲਿਆਣ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਹਲਦਵਾਨੀ ’ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕਥਿਤ ਤੌਰ ’ਤੇ ਕੀਤੇ ਗਏ ‘ਸ਼ੁੱਧੀਕਰਨ ਹਵਨ’ ਨੂੰ ਲੈ ਕੇ ਭਾਜਪਾ ਅਤੇ ਆਰ. ਐਸ. ਐਸ. ’ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਜਾਤੀ ਨੂੰ ਆਧਾਰ ਬਣਾ ਕੇ ਕਿਸੇ ਮੰਚ ਨੂੰ ‘ਅਸ਼ੁੱਧ’ ਦੱਸਿਆ ਜਾਂਦਾ ਹੈ ਤਾਂ ਇਹ ਸਿਰਫ਼ ਇਕ ਵਿਅਕਤੀ ਦਾ ਨਹੀਂ , ਸਗੋਂ ਪੂਰੇ ਐਸ. ਸੀ. ਸਮਾਜ ਦਾ ਅਪਮਾਨ ਹੈ। ਕਲਿਆਣ ਨੇ ਕਿਹਾ ਕਿ ਅਜਿਹੀ ਸੋਚ ਭਾਰਤ ਦੇ ਸੰਵਿਧਾਨ ਦੀ ਆਤਮਾ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਜਾਤੀਵਾਦੀ ਸੋਚ ਖ਼ਿਲਾਫ਼ ਆਵਾਜ਼ ਉਠਾਉਣ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਉਨ੍ਹਾਂ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਵਾਉਣਾ ਹੈਰਾਨੀਜਨਕ ਹੈ। ਉਨ੍ਹਾਂ ਤਿੱਖੇ ਲਹਿਜ਼ੇ ’ਚ ਕਿਹਾ ਕਿ ਜੇਕਰ ਮੁਕੱਦਮਾ ਦਰਜ ਕਰਨਾ ਹੀ ਸੀ ਤਾਂ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਹੋਣਾ ਚਾਹੀਦਾ ਸੀ, ਜਿਨ੍ਹਾਂ ਨੇ ਕਥਿਤ ਤੌਰ ’ਤੇ ਜਾਤੀ ਨੂੰ ਆਧਾਰ ਬਣਾ ਕੇ ਮੰਚ ਦਾ ‘ਸ਼ੁੱਧੀਕਰਨ’ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਪਿਆਰੀ, ਗੁਰਜੀਤ ਕੌਰ, ਸਵਰਨ ਸਿੰਘ ਖੁਡਾਲ, ਹਰਵਿੰਦਰ ਸਿੰਘ ਸਵੀਟੀ, ਕੁਲਦੀਪ ਸਿੰਘ ਭੀਖੀ, ਜਗਸੀਰ ਸਿੰਘ ਅਲੀਕੇ, ਮਲਕੀਤ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਪਾਸਟਰ, ਸਤਪਾਲ ਸਿੰਘ ਮੂਲੇਵਾਲਾ, ਹਰਬੰਸ ਸਿੰਘ ਖਿੱਪਲ, ਗੁਰਜੀਤ ਸਿੰਘ ਫ਼ੌਜੀ, ਮੱਖਣ ਸ਼ਰਮਾ, ਜਗਮੋਹਨ ਜੋਨੀ, ਗੁਰਸੇਵਕ ਸਿੰਘ ਬਰੇ੍ਹ, ਲਛਮਣ ਸਿੰਘ ਲਖੀਆ, ਕਰਮਜੀਤ ਸਿੰਘ, ਰਣਜੀਤ ਸਿੰਘ, ਸੰਧੂਰਾ ਸਿੰਘ ਝੁਨੀਰ ਆਦਿ ਹਾਜ਼ਰ ਸਨ।