ਮੰਡੀਆਂ ਬੰਦ ਕਰ ਕੇ ਪੰਜਾਬ ਦੀ ‘ਆਪ’ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ ਧੱਕਾ - ਨਕੱਈ
ਮਾਨਸਾ, 15 ਨਵੰਬਰ (ਰਾਵਿੰਦਰ ਸਿੰਘ ਰਵੀ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸੂਬੇ ਦੀਆਂ ਅਨਾਜ਼ ਮੰਡੀਆਂ ’ਚ ਝੋਨੇ ਦੀ ਖਰੀਦ ਬੰਦ ਕਰ ਕੇ ਤਾਲੇ ਲਗਾਉਣ ਵਾਲੀ ‘ਆਪ’ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦਾ ਝੋਨਾ ਹਾਲੇ ਮੰਡੀਆਂ ’ਚ ਪਿਆ ਹੈ ਤਾਂ ਸਰਕਾਰ ਵਲੋਂ ਖਰੀਦ ਮੁਕੰਮਲ ਹੋਣ ਦੇ ਦਾਅਵੇ ਕਰ ਕੇ ਮੰਡੀਆਂ ਬੰਦ ਕਿਉਂ ਕੀਤੀਆਂ ਜਾ ਰਹੀਆਂ ਹਨ ?
ਮਾਨਸਾ, 15 ਨਵੰਬਰ (ਰਾਵਿੰਦਰ ਸਿੰਘ ਰਵੀ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸੂਬੇ ਦੀਆਂ ਅਨਾਜ਼ ਮੰਡੀਆਂ ’ਚ ਝੋਨੇ ਦੀ ਖਰੀਦ ਬੰਦ ਕਰ ਕੇ ਤਾਲੇ ਲਗਾਉਣ ਵਾਲੀ ‘ਆਪ’ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦਾ ਝੋਨਾ ਹਾਲੇ ਮੰਡੀਆਂ ’ਚ ਪਿਆ ਹੈ ਤਾਂ ਸਰਕਾਰ ਵਲੋਂ ਖਰੀਦ ਮੁਕੰਮਲ ਹੋਣ ਦੇ ਦਾਅਵੇ ਕਰ ਕੇ ਮੰਡੀਆਂ ਬੰਦ ਕਿਉਂ ਕੀਤੀਆਂ ਜਾ ਰਹੀਆਂ ਹਨ ? ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੀਆਂ ਰਿਪੋਰਟਾਂ ਅਨੁਸਾਰ ਸੂਬਾ ਸਰਕਾਰ ਵਲੋਂ ਹੁਣ ਤੱਕ ਲਗਭਗ 168 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋਈ ਹੈ ਜਦਕਿ ਕੇਂਦਰ ਸਰਕਾਰ ਵਲੋਂ ਨਿਰਧਾਰਿਤ ਸਮਰੱਥਾ ਅਨੁਸਾਰ 180 ਲੱਖ ਮੀਟਰਕ ਟਨ ਖਰੀਦ ਦਾ ਟੀਚਾ ਸੀ। ਇਸ ਦੇ ਬਾਵਜੂਦ ਖਰੀਦ ਪੂਰੀ ਨਾ ਹੋਣਾ ਅਤੇ ਮੰਡੀਆਂ ਨੂੰ ਬੰਦ ਕਰਨਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰਾਜ ਸਰਕਾਰ ਨੂੰ ਨਿਯਮਾਂ ਅਨੁਸਾਰ ਜ਼ਮੀਨੀ ਪੱਧਰ ’ਤੇ ਨਵਾਂ ਸਰਵੇਖਣ ਕਰਵਾ ਕੇ ਮੰਡੀਆਂ ਦੀ ਅਸਲ ਸਮਰੱਥਾ ਅਤੇ ਫ਼ਸਲ ਦੀ ਆਮਦ ਬਾਰੇ ਸਹੀ ਰਿਪੋਰਟ ਤਿਆਰ ਕਰ ਕੇ ਕੇਂਦਰ ਨੂੰ ਭੇਜਣੀ ਚਾਹੀਦੀ ਸੀ ਪਰ ਸਰਕਾਰ ਦੇ ਅਧਿਕਾਰੀਆਂ ਨੇ ਦਫ਼ਤਰਾਂ ’ਚ ਬੈਠ ਕੇ ਪਿਛਲੇ 3 ਸਾਲਾਂ ਦੇ ਰਿਕਾਰਡ ਦੇ ਆਧਾਰ ’ਤੇ ਹੀ ਮੰਡੀਆਂ ਦੇ ਕੋਟੇ ਤੈਅ ਕਰ ਦਿੱਤੇ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਆਪਣੀ ਨਾਕਾਮੀ ਅਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਨੂੰ ਛੁਪਾਉਣ ਲਈ ਹਰ ਵਾਰ ਕੇਂਦਰ ਸਰਕਾਰ ’ਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕਰਦੀ ਹੈ ਜਦਕਿ ਅਸਲ ਜ਼ਿੰਮੇਵਾਰ ਉਹ ਖੁਦ ਹੈ।