ਰੂਪਨਗਰ, 3 ਜਨਵਰੀ (ਸਤਨਾਮ ਸਿੰਘ ਸੱਤੀ)-ਹਰ ਸਾਲ ਦੀ ਤਰ੍ਹਾਂ ਯੂਨੀਕ ਫਿਟਨੈਸ ਫੈਮਿਲੀ ਐਂਡ ਐਡਵੈਂਚਰ ਕਲੱਬ ਰੋਪੜ ਵਲੋਂ ਸ਼ਹਿਨਾਈ ਪੈਲਸ ਵਿਚ ਇੱਕ ਬਹੁਤ ਹੀ ਭਾਵਪੂਰਤ ਸਮਾਗਮ ਕਰਵਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਹਰ ਸਾਲ ਦੀ ਤਰ੍ਹਾਂ ਪ੍ਰਭ ਆਸਰਾ ਕੁਰਾਲੀ ਅਤੇ ਬਲੂ ਬਰਡ ਰੂਪਨਗਰ ਨਾਲ ਸੰਬੰਧਿਤ ਅਨਾਥ, ਬੇਸਹਾਰਾ, ਬਜ਼ੁਰਗ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਪੂਰਾ ਦਿਨ ਖੁਸ਼ੀ-ਖੇੜਿਆਂ ਨਾਲ ਗੁਜ਼ਾਰਿਆ ਗਿਆ | ਇਸ ਦੌਰਾਨ ਸੰਸਥਾ ਦੇ ਮੈਂਬਰਾਂ ਵਲੋਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਭੋਜਨ ਇਨ੍ਹਾਂ ਪ੍ਰਾਣੀਆਂ ਵਿਚ ਵਰਤਾਇਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਸਮਾਗਮ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਸਿੰਘ ਵਿੱਕੀ ਕੋਚ ਨੇ ਆਏ ਹੋਏ ਮਹਿਮਾਨਾਂ ਦਾ ਭਰਪੂਰ ਸਵਾਗਤ ਕਰਦਿਆਂ ਦਿਨ ਦੀ ਮਹੱਤਤਾ ਅਤੇ ਸੰਸਥਾ ਦੇ ਸਮਾਜਿਕ ਯੋਗਦਾਨ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਮਨੋਰਥ ਉਹਨਾਂ ਲੋਕਾਂ ਨਾਲ ਖੁਸ਼ੀ ਦੇ ਪਲ ਸਾਂਝੇ ਕਰਨਾ ਹੈ, ਜੋ ਅਕਸਰ ਜੀਵਨ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੀ ਆਮਦ 'ਤੇ ਇਹ ਸਮਾਗਮ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਕਰਵਾਇਆ ਜਾ ਰਿਹਾ ਹੈ | ਸਮਾਗਮ ਦੌਰਾਨ ਕਰਵਾਏ ਗਏ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵਿਚ ਕਈ ਪ੍ਰਸਿੱਧ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ | ਸ਼ੁਰੂਆਤੀ ਦੌਰ ਵਿਚ ਦੋਗਾਣਾ ਜੋੜੀ ਸ਼ਿੰਕੂ ਜੱਸੀ, ਗਾਇਕ ਸਹਿਜ ਬੈਂਸ ਅਤੇ ਰੋਮੀ ਘੜਾਮੇ ਨੇ ਪੇਸ਼ਕਾਰੀ ਦਿੱਤੀ | ਉਪਰੰਤ ਜੱਸਾ ਤੱਖਰ ਨੇ 'ਪਾਸਪੋਰਟ', 'ਕਲੋਜ਼ਰ' ਸਮੇਤ ਕਈ ਗੀਤ ਗਾ ਕੇ ਮਾਹੌਲ ਨੂੰ ਚਰਮ 'ਤੇ ਪਹੁੰਚਾਇਆ | ਗਾਇਕ ਅਮਨਦੀਪ ਘੁੰਮਣ ਨੇ 'ਕੱਲੀ ਕਿਤੇ ਮਿਲ' ਅਤੇ 'ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ' ਵਰਗੇ ਗੀਤਾਂ ਨਾਲ ਦਰਸ਼ਕਾਂ ਤੋਂ ਖੂਬ ਵਾਹਵਾਹੀ ਲੁੱਟੀ | ਦਿੱਲੀ ਤੋਂ ਆਏ ਕਲਾਕਾਰ ਸੰਮੀ ਕਪੂਰ ਨੇ 'ਮੇਰੇ ਦਿਲ ਕਈ ਚੈਨ' ਅਤੇ 'ਸਿੱਲ੍ਹੀ-ਸਿੱਲ੍ਹੀ ਆਉਂਦੀ ਹਵਾ' ਗੀਤ ਗਾ ਕੇ ਖਾਸ ਪ੍ਰਭਾਵ ਛੱਡਿਆ | ਇਸ ਤੋਂ ਇਲਾਵਾ ਪ੍ਰਭ ਆਸਰਾ ਅਤੇ ਬਲੂ ਬਰਡ ਦੇ ਬੱਚਿਆਂ ਵਲੋਂ ਵੀ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ | ਪ੍ਰੋਗਰਾਮ ਦੌਰਾਨ ਪ੍ਰਸਿੱਧ ਲੋਕ ਗਾਇਕ ਜਸਮੇਰ ਮੀਆਂਪੁਰੀ ਨੇ ਨੌਜਵਾਨ ਗਾਇਕ ਅਭੀਜੀਤ ਮੀਆਂਪੁਰੀ ਨਾਲ ਮਿਲ ਕੇ 'ਗੇੜਾ ਵੰਸ ਮੋਰ', ਟੱਪੇ ਅਤੇ ਲੋਕ ਬੋਲੀਆਂ ਪਾ ਕੇ ਮਾਹੌਲ ਨੂੰ ਪੂਰੀ ਤਰ੍ਹਾਂ ਰੰਗੀਨ ਕਰ ਦਿੱਤਾ, ਜਿਸ 'ਤੇ ਦਰਸ਼ਕ ਵੀ ਝੂਮਣ ਲਈ ਮਜਬੂਰ ਹੋ ਗਏ | ਸਟੇਜ ਸਕੱਤਰ ਦੀ ਭੂਮਿਕਾ ਏ. ਐੱਸ. ਮਾਨ ਅਤੇ ਮੈਡਮ ਹਰਜੀਤ ਕੌਰ ਨੇ ਬਾਖੂਬੀ ਨਿਭਾਈ | ਇਸ ਮੌਕੇ ਪਰਬਤਰੋਹੀ ਸਾਨਵੀ ਸੂਦ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਹ ਸਮਾਗਮ ਪ੍ਰਭ ਆਸਰਾ ਕੁਰਾਲੀ ਅਤੇ ਬਲੂ ਬਰਡ ਰੂਪਨਗਰ ਦੇ ਬੱਚਿਆਂ ਅਤੇ ਸ਼ਰਨਾਰਥੀਆਂ ਨੂੰ ਸਮਰਪਿਤ ਸੀ | ਸਮਾਗਮ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਕਰਮਜੀਤ ਸਿੰਘ ਖਹਿਰਾ, ਮੈਡਮ ਰਾਜਿੰਦਰ ਕੌਰ, ਡਾ. ਆਰ ਪੀ ਭਾਰਜ ਅਤੇ ਪਿ੍ੰਸੀਪਲ ਕੁਲਵਿੰਦਰ ਸਿੰਘ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਪ੍ਰੋ. ਜਗਜੀਤ ਸਿੰਘ, ਮਾ. ਸੁਖਦੇਵ ਸਿੰਘ, ਓਾਕਾਰ ਸਿੰਘ, ਮਾਨ ਸਿੰਘ ਬਾਗਵਾਲੀ, ਡਾ. ਅਰਵਿੰਦਰ ਸਿੰਘ, ਰਾਜ ਕੁਮਾਰ ਸਿੱਕਾ, ਰਾਜੇਸ਼ ਸ਼ਰਮਾ, ਮੁਨੀਸ਼ ਕੁਮਾਰ ਬੇਲੇਵਾਲੇ, ਬਲਵੀਰ ਵਰਮਾ, ਰੀਨੂ ਵਰਮਾ, ਮੈਡਮ ਬਲਵੀਰ ਕੌਰ, ਹਰਿੰਦਰ ਸੈਣੀ, ਮੈਡਮ ਸਰਬਜੀਤ ਕੌਰ ਸਮੇਤ ਸ਼ਹਿਰ ਦੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ | ਅੰਤ ਵਿਚ ਕੋਚ ਬਿਕਰਮਜੀਤ ਸਿੰਘ ਵਿੱਕੀ ਨੇ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ |