ਸ੍ਰੀ ਅਨੰਦਪੁਰ ਸਾਹਿਬ, 3 ਜਨਵਰੀ (ਜੇ ਐਸ ਨਿੱਕੂਵਾਲ)-ਦਸਮੇਸ਼ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ ਨੰਗਲ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਦੇ ਇਲਾਕੇ ਦੇ ਨਾਮੀ ਸ੍ਰੀ ਦਸਮੇਸ਼ ਹਸਪਤਾਲ ਵਲੋਂ ਵੱਖ-ਵੱਖ ਪਕਵਾਨਾਂ ਦਾ ਲੰਗਰ ਲਗਾਇਆ ਗਿਆ | ਡਾ. ਮਨਪ੍ਰੀਤ ਕੌਰ ਅਤੇ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਲੋਂ ਬੀਤੇ 20 ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲੰਗਰ ਲਗਾਇਆ ਜਾ ਰਿਹਾ ਹੈ | ਜਿਸ ਵਿਚ ਵੱਖ ਵੱਖ ਪਕਵਾਨ ਬਣਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਸੇਵਾ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਲੰਗਰ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਸੀ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਗੰਮਪੁਰ ਚੌਂਕ ਦੇ ਲਾਗੇ ਇਸ ਹਸਪਤਾਲ ਦੇ ਸਾਹਮਣੇ ਤੋਂ ਪੰਜ ਨਗਰ ਕੀਰਤਨ ਲੰਘਦੇ ਹਨ | ਉਨ੍ਹਾਂ ਸਮੁੱਚੀ ਮਾਨਵਤਾ ਨੂੰ ਦਸਮੇਸ਼ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |ਇਸ ਮੌਕੇ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |