ਨੂਰਪੁਰ ਬੇਦੀ, 3 ਜਨਵਰੀ (ਹਰਦੀਪ ਸਿੰਘ ਢੀਂਡਸਾ)-ਪਾਵਰ ਕਾਮ ਟਰਾਸਕੋ ਪੈਨਸ਼ਨਰ ਯੂਨੀਅਨ ਏਟਕ ਵਲੋਂ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵਲੋਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਦੇ ਵਿਰੁੱਧ ਪੜਾਅਵਾਰ ਸੰਘਰਸ਼ ਉਲੀਕਿਆ ਗਿਆ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੀਨੀਅਰ ਮੈਂਬਰ ਮਦਨ ਗੋਪਾਲ ਨੇ ਦੱਸਿਆ ਕਿ ਪੀ.ਐਸ.ਸੀ.ਬੀ. ਬਿਜਲੀ ਮੁਲਾਜ਼ਮ ਏਕਤਾ ਮੰਚ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਿ੍ਡ ਸਬ ਸਟੇਸ਼ਨ ਯੂਨੀਅਨ, ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਵਲੋਂ ਨਵੇਂ ਸਾਲ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਪੜਾਅਵਾਰ ਸੰਘਰਸ਼ ਦੀ ਰੂਪ ਰੇਖਾ ਦੇ ਪੋਸਟਰ ਤਿਆਰ ਕਰਕੇ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਿਸ ਦੇ ਅਨੁਸਾਰ ਪਹਿਲੀ ਜਨਵਰੀ ਤੋਂ ਨੌਂ ਜਨਵਰੀ ਤੱਕ ਪਾਵਰ ਕਾਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਲੜੀਵਾਰ 24 ਘੰਟੇ ਦੀ ਭੁੱਖ ਹੜਤਾਲ ਕੀਤੀ ਜਾਵੇਗੀ | ਅਤੇ 16 ਜਨਵਰੀ ਤੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਮੁਲਾਜ਼ਮ ਮਜ਼ਦੂਰ ਨੌਜਵਾਨ ਜਥੇਬੰਦੀਆਂ ਸਾਂਝੇ ਤੌਰ ਤੇ ਸੰਘਰਸ਼ ਦਾ ਬਿਗਲ ਵਜਾਉਣਗੇ ਅਤੇ ਲਾ ਮਿਸਾਲ ਇਕੱਠ ਕਰਨਗੇ ਅਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਪੇਸ਼ ਕਰਨਗੇ | ਇਸੇ ਤਰ੍ਹਾਂ 21 ਜਨਵਰੀ ਨੂੰ ਪਾਵਰ ਕਾਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਵਿਸ਼ਾਲ ਅਤੇ ਸੂਬਾ ਪੱਧਰੀ ਰੋਸ ਧਰਨਾ ਆਯੋਜਿਤ ਕੀਤਾ ਜਾਵੇਗਾ | ਤਾਂ ਜੋ ਪੰਜਾਬ ਸਰਕਾਰ ਅਤੇ ਸਬੰਧਿਤ ਮਹਿਕਮੇ ਦੇ ਉੱਚ ਅਧਿਕਾਰੀ ਪੈਨਸ਼ਨਰੀ ਯੂਨੀਅਨ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਅਮਲੀ ਜਾਮਾ ਪਹਿਨਾਉਣ | ਇਸ ਮੌਕੇ ਯੂਨੀਅਨ ਦੇ ਆਗੂ ਹਰੀ ਚੰਦ ਪ੍ਰਧਾਨ, ਤਿਲਕਰਾਜ ਮੀਤ ਪ੍ਰਧਾਨ, ਚਰਨ ਦਾਸ ਸਕੱਤਰ, ਗੱਜਣ ਸਿੰਘ ਮੀਤ ਸਕੱਤਰ, ਹਰਬੰਸ ਲਾਲ ਕੈਸ਼ੀਅਰ, ਅਤੇ ਮਦਨ ਗੋਪਾਲ ਮੈਂਬਰ ਵਲੋਂ ਸਮੂਹ ਸਾਥੀਆਂ ਨੂੰ ਇਹਨਾਂ ਸੰਘਰਸ਼ਾਂ ਵਿਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਵੀ ਜਾਰੀ ਕੀਤੀ ਗਈ |