ਨੰਗਲ 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਪੜਾਅ ਤਹਿਤ ਨਸ਼ਿਆਂ ਖ਼ਿਲਾਫ਼ ਜਨ-ਅੰਦੋਲਨ ਹੋਰ ਤੇਜ਼ ਹੋ ਰਿਹਾ ਹੈ | ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਅਗਵਾਈ ਹੇਠ ਇਸ ਮੁਹਿੰਮ ਨੂੰ ਵਿਆਪਕ ਲੋਕ ਸਮਰਥਨ ਮਿਲ ਰਿਹਾ ਹੈ | ਇਸ ਮੁਹਿੰਮ ਦੇ ਤਹਿਤ ਅੱਜ ਖ਼ਾਨਪੁਰ, ਜਾਂਦਲਾ ਸਮੇਤ ਕਈ ਪਿੰਡਾਂ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਯਾਤਰਾ ਕੱਢੀਆਂ ਗਈਆਂ | ਇਨ੍ਹਾਂ ਯਾਤਰਾ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਭਿਆਨਕ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ | ਜ਼ਿਲ੍ਹਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਉਪ ਕੋਆਰਡੀਨੇਟਰ ਮੋਹਿਤ ਦੀਵਾਨ ਨੇ ਦੱਸਿਆ ਕਿ ਇਸ ਦੂਜੇ ਪੜਾਅ ਵਿਚ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਨਸ਼ਾ ਵਿਰੋਧੀ ਲਹਿਰ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਇਨ੍ਹਾਂ ਕਮੇਟੀਆਂ ਦੀ ਸਰਗਰਮ ਭਾਗੀਦਾਰੀ ਕਾਰਨ ਹਰ ਪਿੰਡ ਤੇ ਵਾਰਡ ਵਿਚ ਜਾਗਰੂਕਤਾ ਦੀ ਲਹਿਰ ਮਜ਼ਬੂਤ ਹੋ ਰਹੀ ਹੈ | ਇਸ ਮੌਕੇ ਹਲਕਾ ਕੋਆਰਡੀਨੇਟਰ 'ਯੁੱਧ ਨਸ਼ਿਆਂ ਵਿਰੁੱਧ' ਹਿਤੇਸ਼ ਸ਼ਰਮਾ ਦੀਪੂ ਨੇ ਕਿਹਾ ਕਿ ਦੂਜਾ ਪੜਾਅ ਪਹਿਲੇ ਪੜਾਅ ਨਾਲੋਂ ਵੀ ਵੱਧ ਸਫਲ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਆਮ ਲੋਕਾਂ ਦੀ ਸਾਂਝੀ ਕੋਸ਼ਿਸ਼ ਨਾਲ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਮੁਕਾਉਣਾ ਸੰਭਵ ਹੋਵੇਗਾ | ਉਨ੍ਹਾਂ ਅਪੀਲ ਕੀਤੀ ਕਿ ਹਰ ਪਰਿਵਾਰ, ਹਰ ਨੌਜਵਾਨ ਅਤੇ ਹਰ ਪਿੰਡ ਇਸ ਮੁਹਿੰਮ ਨਾਲ ਜੁੜ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿਚ ਆਪਣਾ ਯੋਗਦਾਨ ਪਾਏ |