ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਕਲੋਤਾ ਵਿਖੇ ਪਿਛਲੇ ਪੰਜ ਸਾਲਾਂ ਤੋਂ ਇਲਾਕੇ ਦੇ ਨੌਜਵਾਨਾਂ ਨੂੰ ਮਾਂ ਖੇਡ ਕਬੱਡੀ ਦੇ ਹੁਨਰ ਸਿਖਾਅ ਜਰਨੈਲ ਹਰੀ ਸਿੰਘ ਨਲੂਆ ਕਬੱਡੀ ਅਕੈਡਮੀ ਦੀ ਨਵੀਂ ਉਸਾਰੀ ਇਮਾਰਤ ਨੂੰ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਨਵਾਂ ਰੰਗ ਰੋਗਨ ਕਰਨ ਦੀ ਕੀਤੀ ਸੇਵਾ ਲਈ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਵਲੋਂ ਧੰਨਵਾਦ ਕੀਤਾ ਗਿਆ ਹੈ | ਅੱਜ ਅਕੈਡਮੀ ਵਿਖੇ ਉਚੇਚੇ ਤੌਰ 'ਤੇ ਪਹੁੰਚੇ ਦਲਜੀਤ ਸਿੰਘ ਭਿੰਡਰ ਕਾਰਜਕਾਰਨੀ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਧੀਕ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੰਦੀਪ ਸਿੰਘ ਕਲੋਤਾ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ, ਕਬੱਡੀ ਕੋਚ ਮਨੀਸ਼ ਕੁਮਾਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਜਰਨੈਲ ਹਰੀ ਸਿੰਘ ਨਲੂਆ ਦੇ ਨਾਂ 'ਤੇ ਚੱਲ ਰਹੀ ਇਹ ਕਬੱਡੀ ਅਕੈਡਮੀ ਇਲਾਕੇ ਦੇ ਸਕੂਲ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਚਾਨਣ ਮੁਨਾਰਾ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਕੈਡਮੀ 'ਚ ਸਿਖਲਾਈ ਲੈ ਰਹੇ ਕਬੱਡੀ ਖਿਡਾਰੀਆਂ ਨੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਦੇ ਨਾਲ ਨਾਲ ਪ੍ਰੋ. ਕਬੱਡੀ ਲੀਂਗ ਅਤੇ ਦੇਸ਼ ਦੀ ਰਾਸਟਰੀ ਟੀਮ ਸਾਮਲ ਹੋ ਕੇ ਇਲਾਕੇ, ਪੰਜਾਬ ਦੇ ਦੇਸ਼ ਦਾ ਨਾਂ ਰੌਸਨਾਇਆ ਹੈ | ਉਕਤ ਸ਼ਖ਼ਸੀਅਤਾਂ ਨੇ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਅਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਵਲੋਂ ਜਰਨੈਲ ਹਰੀ ਸਿੰਘ ਨਲੂਆ ਕਬੱਡੀ ਅਕੈਡਮੀ ਦੀ ਇਮਾਰਤ ਉਸਾਰੀ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ |