ਨੂਰਪੁਰ ਬੇਦੀ, 24 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੀ ਟੀਮ ਸਮੇਤ ਨੂਰਪੁਰ ਬੇਦੀ ਵਿਖੇ ਸਥਿਤ ਬਾਬਾ ਬਾਲ ਜੀ ਆਸ਼ਰਮ ਵਿਚ ਚੱਲ ਰਹੇ ਵਿਸ਼ਾਲ ਸਤਿਸੰਗ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਰਾਸ਼ਟਰੀ ਸੰਤ 1008 ਬਾਬਾ ਬਾਲ ਜੀ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਸਤਿਸੰਗ ਦੌਰਾਨ ਵਿਧਾਇਕ ਚੱਢਾ ਵਲੋਂ ਬਾਬਾ ਬਾਲ ਜੀ ਮਹਾਰਾਜ ਦੀ ਸਿਹਤਯਾਬੀ ਲਈ ਕਾਮਨਾ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਬਾਬਾ ਬਾਲ ਜੀ ਪਿਛਲੇ ਕਈ ਸਾਲਾਂ ਤੋਂ ਧਾਰਮਿਕ ਮਾਰਗ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰ ਰਹੇ ਹਨ ਅਤੇ ਨਾਲ ਹੀ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਨੇਕਾਂ ਸ਼ਲਾਘਾਯੋਗ ਕਾਰਜ ਕਰ ਰਹੇ ਹਨ, ਜੋ ਕਿ ਹੋਰਾਂ ਲਈ ਪ੍ਰੇਰਣਾ ਸਰੋਤ ਹਨ | ਉਨ੍ਹਾਂ ਕਿਹਾ ਕਿ ਸੰਤਾਂ ਦੀ ਰਹਿਨੁਮਾਈ ਨਾਲ ਹੀ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸੇਵਾ ਭਾਵਨਾ ਨੂੰ ਮਜ਼ਬੂਤੀ ਮਿਲਦੀ ਹੈ | ਉਨ੍ਹਾਂ ਅਜਿਹੇ ਧਾਰਮਿਕ ਅਤੇ ਸਮਾਜਕ ਸਮਾਗਮਾਂ ਨੂੰ ਸਮਾਜ ਲਈ ਅਹਿਮ ਕਰਾਰ ਦਿੱਤਾ | ਬਾਬਾ ਬਾਲ ਜੀ ਵਲੋਂ ਵਿਧਾਇਕ ਚੱਢਾ ਨੂੰ ਆਸ਼ੀਰਵਾਦ ਦਿੰਦਿਆਂ ਲੋਕ ਸੇਵਾ ਦੇ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪਰੀਸ਼ਦ ਮੈਂਬਰ ਦੇਸਰਾਜ ਸੈਣੀ, ਜਰਨੈਲ ਸਿੰਘ ਲਾਲੀ, ਬਲਾਕ ਸੰਮਤੀ ਮੈਂਬਰ ਹੇਮੰਤ ਸੈਣੀ, ਡਾ. ਗੁਰਦੇਵ ਸਿੰਘ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਧਰਮਪਾਲ ਸੈਣੀਮਾਜਰਾ, ਬਲਰਾਮ ਸੈਣੀ, ਡਾ. ਗੁਰਦੇਵ ਸਿੰਘ, ਰੋਸ਼ਨ ਸਿੰਘ, ਮਦਨ ਮੋਹਨ ਸ਼ਰਮਾ, ਬੋਧਰਾਜ, ਤੀਰਥ ਰਾਮ ਆਦਿ ਸਮੇਤ ਸੰਗਤਾਂ ਹਾਜ਼ਰ ਸਨ |