ਨੂਰਪੁਰ ਬੇਦੀ, 24 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਕੌਲਾਪੁਰ 'ਚ ਉਸ ਵੇਲੇ ਇਕ ਵਿਲੱਖਣ ਤੇ ਯਾਦਗਾਰ ਮਾਹੌਲ ਬਣ ਗਿਆ, ਜਦੋਂ ਲੋਕ ਕਲਾਵਾਂ ਅਤੇ ਸਰੀਰਕ ਕਰਤਬਾਂ ਦੀ ਅਨੋਖੀ ਪੇਸ਼ਕਾਰੀ ਨੇ ਪਿੰਡ ਨੂੰ ਰੰਗਾਂ, ਰੌਣਕਾਂ ਤੇ ਪੁਰਾਤਨ ਵਿਰਸੇ ਦੀ ਮਹਿਕ ਨਾਲ ਭਰ ਦਿੱਤਾ | ਇਹ ਸਿਰਫ਼ ਮਨੋਰੰਜਨ ਤੱਕ ਹੀ ਸੀਮਿਤ ਨਹੀਂ ਰਿਹਾ, ਸਗੋਂ ਸਦੀਆਂ ਪੁਰਾਣੀ ਲੋਕ ਕਲਾ ਦੀ ਉਸ ਰਿਵਾਇਤ ਨੂੰ ਮੁੜ ਜੀਵੰਤ ਕਰਦਾ ਨਜ਼ਰ ਆਇਆ, ਜੋ ਕਦੇ ਪੰਜਾਬੀ ਪਿੰਡਾਂ ਅਤੇ ਮੇਲਿਆਂ ਦੀ ਪਹਿਚਾਣ ਹੁੰਦੀ ਸੀ | ਇਸ ਮੌਕੇ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਕਨੇਰ ਪਿੰਡ ਤੋਂ ਲਾਲ ਜੀ ਦਾਸ ਆਪਣੀ ਟੀਮ ਸਮੇਤ ਪਿੰਡ ਕੋਲਾਪੁਰ ਪਹੁੰਚੇ | ਉਸ ਦੀ ਟੀਮ ਵਿਚ ਮਹਿੰਦਰ ਕੁਮਾਰ, ਬਹਾਦਰ ਸਮੇਤ ਹੋਰ ਅਨੁਭਵੀ ਵਿਅਕਤੀ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੇ ਅਦਭੁੱਤ ਹੁਨਰ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ | ਕਲਾਕਾਰਾਂ ਵਲੋਂ ਹਵਾ ਵਿਚ ਉੱਚੀਆਂ ਛਾਲਾਂ ਮਾਰਨਾ, ਦੰਦਾਂ ਨਾਲ ਭਾਰਾ ਗਾਡਰ ਚੁੱਕਣਾ, ਪੈਰਾਂ ਦੇ ਸਹਾਰੇ ਗਾਡਰ 'ਤੇ ਛੇ ਤੋਂ ਵੱਧ ਸਾਈਕਲਾਂ ਚੁੱਕ ਕੇ ਸੰਤੁਲਨ ਬਣਾਈ ਰੱਖਣਾ, ਲੱਕੜੀ ਦੇ ਗੋਲ ਚੱਕਰ ਵਿਚੋਂ ਛਾਲ ਮਾਰ ਕੇ ਆਰ-ਪਾਰ ਹੋ ਜਾਣਾ ਅਤੇ ਛਾਤੀ 'ਤੇ ਇੱਟਾਂ ਤੋੜਨ ਵਰਗੇ ਖ਼ਤਰਨਾਕ ਕਲਾ-ਭਰਪੂਰ ਕਰਤੱਬਾਂ ਨੇ ਦਰਸ਼ਕਾਂ ਨੂੰ ਦੰਗ ਕਰ ਦਿੱਤਾ | ਬਜ਼ੁਰਗਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਲੋਕ ਕਲਾ ਕਦੇ ਪਿੰਡਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦੀ ਸੀ, ਪਰ ਸਮੇਂ ਦੇ ਨਾਲ ਇਹ ਸਭ ਕੁੱਝ ਲਗਭਗ ਲੁਪਤ ਹੋ ਗਿਆ ਹੈ | ਅਜਿਹੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਕੁੱਲ ਮਿਲਾ ਕੇ, ਕੋਲਾਪੁਰ ਦੀ ਧਰਤੀ ਉੱਤੇ ਲੋਕ ਕਲਾ, ਸਰੀਰਕ ਹੁਨਰ ਅਤੇ ਸੱਭਿਆਚਾਰਕ ਵਿਰਸੇ ਦੀ ਇੱਕ ਜੀਵੰਤ ਮਿਸਾਲ ਬਣ ਕੇ ਪਿੰਡ ਵਾਸੀਆਂ ਦੇ ਦਿਲਾਂ 'ਚ ਲੰਮੇ ਸਮੇਂ ਲਈ ਵਸ ਗਈ |