ਰੂਪਨਗਰ, 31 ਜਨਵਰੀ (ਸਟਾਫ਼ ਰਿਪੋਰਟਰ)-ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਗਰ ਕੌਂਸਲ ਵਲੋਂ ਲੰਬੇ ਸਮੇਂ ਤੋਂ ਆਰ.ਟੀ.ਆਈਆਂ ਦਾ ਜਵਾਬ ਨਾ ਮਿਲਣ ਕਾਰਨ ਪਰੇਸ਼ਾਨ ਹਨ | ਇਸ ਸਬੰਧੀ ਉਹ ਨਗਰ ਕੌਂਸਲ ਦਫ਼ਤਰ ਰੂਪਨਗਰ ਪਹੁੰਚੇ, ਜਿੱਥੇ ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੂੰ ਮੰਗ ਪੱਤਰ ਸੌਂਪਿਆ | ਸਾਬਕਾ ਵਿਧਾਇਕ ਸੰਦੋਆ ਨੇ ਦੱਸਿਆ ਕਿ ਉਨ੍ਹਾਂ ਵਲੋਂ 3 ਮਾਰਚ 2025 ਨੂੰ ਆਰ.ਟੀ.ਆਈ. ਦਾਇਰ ਕਰਕੇ ਰੂਪਨਗਰ ਸ਼ਹਿਰ ਵਿਚ ਬਣੇ ਘਰਾਂ, ਦੁਕਾਨਾਂ ਅਤੇ ਪਲਾਟਾਂ ਲਈ ਜਾਰੀ ਕੀਤੀਆਂ ਗਈਆਂ ਐਨ.ਓ.ਸੀ. ਸਬੰਧੀ ਜਾਣਕਾਰੀ ਮੰਗੀ ਗਈ ਸੀ | ਨਗਰ ਕੌਂਸਲ ਵਲੋਂ ਪਹਿਲਾਂ ਉਨ੍ਹਾਂ ਤੋਂ ਪਹਿਚਾਣ ਪੱਤਰ ਮੰਗਿਆ ਗਿਆ, ਜੋ ਉਨ੍ਹਾਂ ਨੇ ਸਮੇਂ 'ਤੇ ਜਮਾਂ ਕਰਵਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਵੱਖ-ਵੱਖ ਤਰੀਕਾਂ 'ਤੇ ਤਿੰਨ ਵਾਰ ਯਾਦ ਪੱਤਰ ਵੀ ਭੇਜੇ ਗਏ, ਪਰ ਕੋਈ ਸੁਣਵਾਈ ਨਹੀਂ ਹੋਈ | ਸੰਦੋਆ ਨੇ ਮੰਗ ਕੀਤੀ ਕਿ ਆਰ.ਟੀ.ਆਈ. ਦਾ ਜਵਾਬ ਤੁਰੰਤ ਦਿੱਤਾ ਜਾਵੇ ਅਤੇ ਜਵਾਬ ਨਾ ਦੇਣ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ | ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਇੱਕ ਇਮਾਨਦਾਰ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਕਾਰਵਾਈ ਕਰਨਗੇ | ਇਸ ਤੋਂ ਇਲਾਵਾ, ਸਾਬਕਾ ਵਿਧਾਇਕ ਸੰਦੋਆ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵੀ ਪਹੁੰਚੇ | ਉਨ੍ਹਾਂ ਵਲੋਂ ਜਵਾਬ ਬਾਰੇ ਪੁੱਛੇ ਜਾਣ 'ਤੇ ਅਧਿਕਾਰੀ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ 2.30 ਵਜੇ ਤੱਕ ਜਵਾਬ ਦੇਣ ਦਾ ਭਰੋਸਾ ਦਿੱਤਾ, ਪਰ ਜਦੋਂ ਸੰਦੋਆ ਮੁੜ 2.30 ਵਜੇ ਦਫ਼ਤਰ ਪਹੁੰਚੇ ਤਾਂ ਕਾਰਜ ਸਾਧਕ ਅਫ਼ਸਰ ਦਫ਼ਤਰ ਤੋਂ ਜਾ ਚੁੱਕੇ ਸਨ | ਸੰਦੋਆ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ 'ਤੇ ਦਬਾਅ ਪਾ ਕੇ ਜਵਾਬ ਦੇਣ ਤੋਂ ਰੋਕਿਆ ਜਾ ਰਿਹਾ ਹੈ ਜਾਂ ਫਿਰ ਅਧਿਕਾਰੀ ਕਿਸੇ ਕਾਨੂੰਨੀ ਕਾਰਵਾਈ ਤੋਂ ਬਚ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਸਿਰਫ਼ ਆਰ.ਟੀ.ਆਈ. ਦਾ ਜਵਾਬ ਲੈਣ ਲਈ ਆਏ ਸਨ ਅਤੇ ਜੇਕਰ ਜਲਦ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਉਹ ਉੱਚ ਅਧਿਕਾਰੀਆਂ ਕੋਲ ਅਪੀਲ ਕਰਨਗੇ ਅਤੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਉਣਗੇ |