ਨੂਰਪੁਰ ਬੇਦੀ, 4 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਵੇਰਕਾ ਮਿਲਕ ਪਲਾਂਟ ਮੋਹਾਲੀ ਵਲੋਂ ਵਾਰ-ਵਾਰ ਦੁੱਧ ਦੇ ਰੇਟ ਘਟਾਏ ਜਾਣ ਨੂੰ ਲੈ ਕੇ ਦੁੱਧ ਉਤਪਾਦਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪਸ਼ੂਆਂ ਦੇ ਚਾਰੇ, ਦਵਾਈਆਂ ਅਤੇ ਹੋਰ ਖ਼ਰਚੇ ਲਗਾਤਾਰ ਵੱਧ ਰਹੇ ਹਨ, ਦੂਜੇ ਪਾਸੇ ਮਿਲਕ ਪਲਾਂਟ ਵਲੋਂ ਦੁੱਧ ਦੇ ਰੇਟ ਘਟਾ ਕੇ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਤਖਤਗੜ੍ਹ ਦੇ ਦੁੱਧ ਉਤਪਾਦਕ ਡਾ. ਹੈਪੀ ਨੇ ਦੱਸਿਆ ਕਿ ਮਿਲਕ ਪਲਾਂਟ ਮੁਹਾਲੀ ਵਲੋਂ 21 ਦਸੰਬਰ ਨੂੰ ਪਹਿਲਾਂ ਦੁੱਧ ਦੇ ਰੇਟ 2 ਰੁਪਏ ਪ੍ਰਤੀ ਲੀਟਰ ਘਟਾਏ ਗਏ ਸਨ | ਇਸ ਤੋਂ ਬਾਅਦ ਬਿਨਾਂ ਕਿਸੇ ਵਾਜਬ ਕਾਰਨ ਦੇ ਮੁੜ 1 ਰੁਪਏ ਪ੍ਰਤੀ ਲੀਟਰ ਰੇਟ ਹੋਰ ਘਟਾ ਦਿੱਤੇ ਗਏ | ਇਸ ਤਰ੍ਹਾਂ ਕੁੱਲ 3 ਰੁਪਏ ਪ੍ਰਤੀ ਲੀਟਰ ਰੇਟ ਘਟਾ ਕੇ ਦੁੱਧ ਉਤਪਾਦਕਾਂ ਨੂੰ ਵੱਡੀ ਆਰਥਿਕ ਹਾਨੀ ਪਹੁੰਚਾਈ ਗਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਦੁੱਧ ਉਤਪਾਦਨ ਦੀ ਲਾਗਤ ਕਾਫ਼ੀ ਵੱਧ ਚੁੱਕੀ ਹੈ ਅਤੇ ਐਸੇ ਵਿਚ ਰੇਟ ਘਟਾਉਣਾ ਦੁੱਧ ਉਤਪਾਦਕਾਂ ਨਾਲ ਨਾਇਨਸਾਫ਼ੀ ਹੈ | ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਦੁੱਧ ਉਤਪਾਦਕਾਂ ਨੂੰ ਸੜਕਾਂ 'ਤੇ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮਸਲੇ ਨੂੰ ਲੈ ਕੇ ਬਲਾਕ ਨੂਰਪੁਰ ਬੇਦੀ ਦੇ ਸਮੂਹ ਦੁੱਧ ਉਤਪਾਦਕਾਂ ਦੀ ਇਕ ਅਹਿਮ ਮੀਟਿੰਗ 5 ਫਰਵਰੀ ਨੂੰ ਸਵੇਰੇ 11 ਵਜੇ ਗੁਰਦੁਆਰਾ ਬਾਣਗੜ੍ਹ ਸਾਹਿਬ, ਜੇਤੇਵਾਲ ਵਿਖੇ ਬੁਲਾਈ ਗਈ ਹੈ | ਇਸ ਮੀਟਿੰਗ ਵਿਚ ਅਗਲੇ ਸੰਘਰਸ਼ੀ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਡਾਕਟਰ ਹੈਪੀ ਤੇ ਹੋਰ ਦੁੱਧ ਉਤਪਾਦਕਾਂ ਵਲੋਂ ਸਮੂਹ ਬਲਾਕ ਦੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ 'ਚ ਮੀਟਿੰਗ ਵਿਚ ਸ਼ਾਮਲ ਹੋ ਕੇ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ, ਤਾਂ ਜੋ ਮਿਲਕ ਪਲਾਂਟ ਪ੍ਰਬੰਧਨ ਤੱਕ ਦੁੱਧ ਉਤਪਾਦਕਾਂ ਦੀ ਆਵਾਜ਼ ਮਜ਼ਬੂਤੀ ਨਾਲ ਪਹੁੰਚ ਸਕੇ |