ਐੱਸ. ਏ. ਐੱਸ. ਨਗਰ, 4 ਫਰਵਰੀ (ਪ੍ਰੋ. ਅਵਤਾਰ ਸਿੰਘ)-ਕੈਨੇਡਾ ਚਾਹੁੰਦਾ ਹੈ ਕਿ ਭਾਰਤ ਇਹ ਜਾਣੇ ਕਿ ਅਸੀਂ ਭਰੋਸੇਮੰਦ ਭਾਈਵਾਲ ਹਾਂ ਅਤੇ ਸਾਡੇ ਸੰਬੰਧਾਂ ਦਾ ਭਵਿੱਖ ਸਕਾਰਾਤਮਕ ਅਤੇ ਲਾਭਕਾਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਨੇਡਾ ਦੀ ਐਲਬਰਟਾ ਸਰਕਾਰ ਦੀ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਬਿਓਾਡ ਡਿਪਲੋਮੇਸੀ : ਪੀਪਲ, ਨੋਲੇਜ ਐਂਡ ਯੂਥ ਐਜ਼ ਦਾ ਫ਼ਿਊਚਰ ਆਫ਼ ਇੰਡੀਆ-ਕੈਨੇਡਾ ਰਿਲੇਸ਼ਨਜ਼' ਵਿਸ਼ੇ 'ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਨ ਮੌਕੇ ਕੀਤਾ | ਉਨ੍ਹਾਂ ਭਾਰਤ-ਕੈਨੇਡਾ ਸੰਬੰਧਾਂ ਨੂੰ ਦੁਬਾਰਾ ਮਜ਼ਬੂਤ ਬਣਾਉਣ ਲਈ ਵਪਾਰ, ਸਿੱਖਿਆ, ਊਰਜਾ, ਖੋਜ, ਮਹੱਤਵਪੂਰਨ ਖਣਿਜਾਂ ਅਤੇ ਹੋਰਨਾਂ ਖੇਤਰਾਂ 'ਤੇ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਹ ਭਾਰਤ ਅਤੇ ਕੈਨੇਡਾ ਵਿਚਕਾਰ ਡੂੰਘੇ ਵਪਾਰ, ਅਕਾਦਮਿਕ, ਖੋਜ ਅਤੇ ਆਰਥਿਕ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਲਈ ਭਾਰਤ ਦੇ ਦੌਰੇ 'ਤੇ ਆਏ ਉੱਚ ਪੱਧਰੀ ਕੈਨੇਡੀਅਨ ਵਫ਼ਦ ਦਾ ਹਿੱਸਾ ਸਨ | ਇਸ ਸਾਲ ਮਾਰਚ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਾਰਤ ਫੇਰੀ ਬਾਰੇ ਵਿਚਾਰ ਸਾਂਝੇ ਕਰਦਿਆਂ ਕੈਨੇਡੀਅਨ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਦੌਰਾ ਭਾਰਤ-ਕੈਨੇਡਾ ਵਿਚਕਾਰ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਦਾ ਇਕ ਮਹੱਤਵਪੂਰਨ ਮੌਕਾ ਸਾਬਿਤ ਹੋਵੇਗਾ | ਉਨ੍ਹਾਂ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਇਹ ਦੌਰਾ ਦੋਵੇਂ ਮੁਲਕਾਂ ਵਿਚਾਲੇ ਸੰਬੰਧਾਂ ਨੂੰ ਨਾ ਸਿਰਫ਼ ਨਵੇਂ ਸਿਰੇ ਤੋਂ ਮਜ਼ਬੂਤ ਬਣਾਵੇਗਾ, ਬਲਕਿ ਵਪਾਰਕ ਰਿਸ਼ਤਿਆਂ ਨੂੰ ਵੀ ਹੋਰ ਡੂੰਘਾ ਕਰੇਗਾ | ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕੈਨੇਡੀਅਨ ਮੰਤਰੀ ਰਾਜਨ ਸਾਹਨੀ ਨੂੰ ਅਕਾਦਮਿਕ, ਖੋਜ ਅਤੇ ਨਵੀਨਤਾ, ਸਾਫ਼ ਊਰਜਾ ਅਤੇ ਸਥਿਰਤਾ ਦੇ ਖੇਤਰਾਂ 'ਚ ਸਹਿਯੋਗ ਦੀ ਪੇਸ਼ਕਸ਼ ਕੀਤੀ | ਚੰਡੀਗੜ੍ਹ, ਮੁੰਬਈ ਤੇ ਬੰਗਲੁਰੂ ਵਰਗੇ ਭਾਰਤੀ ਸ਼ਹਿਰਾਂ 'ਚ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਜਾਣਕਾਰੀ ਦਿੰਦਿਆਂ ਕੈਨੇਡੀਅਨ ਮੰਤਰੀ ਰਾਜਨ ਸਾਹਨੀ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਕੈਨੇਡਾ ਦੀ ਸਰਕਾਰ ਸਾਹਮਣੇ ਰੱਖਣਗੇ ਅਤੇ ਭਾਰਤੀ ਵਿਦਿਆਰਥੀਆਂ ਤੇ ਨੌਕਰੀ-ਪੇਸ਼ਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਸੰਭਵ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ 25 ਸਾਲਾਂ ਬਾਅਦ ਫਗਵਾੜਾ ਨੇੜੇ ਆਪਣੇ ਜੱਦੀ ਪਿੰਡ ਦਾ ਦੌਰਾ ਕਰਨਾ ਉਨ੍ਹਾਂ ਲਈ ਇਕ ਭਾਵਨਾਤਮਕ ਪਲ ਸੀ ਅਤੇ ਇਸ ਜਗ੍ਹਾ 'ਤੇ ਮੈਨੂੰ ਮਿਲੇ ਪਿਆਰ ਅਤੇ ਸਤਿਕਾਰ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2023 'ਚ ਵੀ ਉਹ ਆਪਣੇ ਬੱਚਿਆਂ ਨੂੰ ਆਪਣਾ ਘਰ ਦਿਖਾਉਣ ਲਈ ਚੰਡੀਗੜ੍ਹ ਆਏ ਸਨ |