ਨੂਰਪੁਰ ਬੇਦੀ, 20 ਫ਼ਰਵਰੀ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸਕੂਲ ਧਮਾਣਾ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਟੂਰ ਸੀ-ਪਾਈਟ ਨੰਗਲ ਅਤੇ ਬੀ. ਬੀ. ਐੱਮ. ਬੀ. ਹਸਪਤਾਲ ਨੰਗਲ ਵਿਖੇ ਲਿਜਾਇਆ ਗਿਆ, ਜਿਸ ਵਿਚ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਕੂਲ ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ ਦੀ ਯੋਗ ਅਗਵਾਈ ਹੇਠ ਮਾਸਟਰ ਕੁਲਵਿੰਦਰ ਸਿੰਘ, ਮਾਸਟਰ ਪਵਿੱਤਰ ਸਿੰਘ, ਮੈਡਮ ਮਨਜੀਤ ਕੌਰ, ਮੈਡਮ ਪਰਵਿੰਦਰ ਕੌਰ ਇਸ ਟੂਰ ਵਿਚ ਵਿਦਿਆਰਥੀਆਂ ਨੂੰ ਦੋ ਬੱਸਾਂ ਰਾਹੀਂ ਲੈ ਕੇ ਗਏ | ਡਾ. ਵਿਨੋਦ ਚੰਦਨ ਨੇ ਦੱਸਿਆ ਕਿ ਇਸ ਟੂਰ ਦੌਰਾਨ ਬੱਚਿਆਂ ਨੂੰ ਸੀ-ਪਾਈਟ ਦੇ ਇੰਚਾਰਜ ਜਗਜੀਤ ਸਿੰਘ ਨੇ ਫ਼ੌਜ ਦੇ ਵੱਖ-ਵੱਖ ਵਿਭਾਗਾਂ ਵਿਚ ਭਰਤੀ ਹੋਣ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੀ-ਪਾਈਟ ਕੈਂਪ ਦੇ ਦਾਖਲੇ ਤੇ ਸਿਖਲਾਈ ਪ੍ਰਕਿਰਿਆ ਬਾਰੇ ਦੱਸਿਆ | ਇਸ ਉਪਰੰਤ ਵਿਦਿਆਰਥੀਆਂ ਨੇ ਬੀ. ਬੀ. ਐੱਮ. ਬੀ. ਹਸਪਤਾਲ ਵਿਚ ਜਾਕੇ ਉਨ੍ਹਾਂ ਦੇ ਮਹੱਤਵਪੂਰਨ ਵਿਭਾਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਿਹਤ ਸੰਭਾਲ ਸੰਬੰਧੀ ਵੀ ਜਾਣਕਾਰੀ ਪ੍ਰਾਪਤ ਕੀਤੀ | ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ ਨੇ ਹਰੀ ਝੰਡੀ ਦੇ ਕੇ ਇਸ ਟੂਰ ਨੂੰ ਰਵਾਨਾ ਕੀਤਾ ਤੇ ਆਖਿਆ ਕਿ ਭਵਿੱਖ ਵਿਚ ਵੀ ਅਜਿਹੇ ਟੂਰ ਵਿਦਿਆਰਥੀਆਂ ਦੇ ਗਿਆਨ ਚ ਅਥਾਹ ਵਾਧਾ ਕਰਨ ਲਈ ਲਗਾਏ ਜਾਂਦੇ ਰਹਿਣਗੇ | ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ |