ਰੂਪਨਗਰ, 20 ਫਰਵਰੀ (ਸਤਨਾਮ ਸਿੰਘ ਸੱਤੀ)-ਪੁਲਿਸ ਲਾਈਨਾਂ ਨੇੜੇ ਸਥਿਤ ਟਰਾਂਸਪੋਰਟ ਨਗਰ ਵਿਚ ਲੰਬੇ ਸਮੇਂ ਤੋਂ ਬਕਾਇਆ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਆਖਿਰਕਾਰ ਸ਼ੁਰੂ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ, ਰੋਪੜ ਵਲੋਂ ਸੀਵਰੇਜ ਸਿਸਟਮ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਕਾਫ਼ੀ ਸਮੇਂ ਤੋਂ ਜਾਮ ਪਿਆ ਸੀ | ਉਨ੍ਹਾਂ ਦੱਸਿਆ ਕਿ ਕਈ ਥਾਵਾਂ 'ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਲੀਕ ਹੋ ਰਹੀਆਂ ਸਨ, ਜਿਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਜਾਵੇਗੀ | ਪ੍ਰਧਾਨ ਗੋਗੀ ਨੇ ਕਿਹਾ ਕਿ ਟਰਾਂਸਪੋਰਟ ਨਗਰ ਲਗਭਗ 10-11 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਪਰ ਹੁਣ ਤੱਕ ਇੱਥੇ ਸਟਰੀਟ ਲਾਈਟਾਂ ਦੀ ਸਹੂਲਤ ਉਪਲਬਧ ਨਹੀਂ ਸੀ | ਹੁਣ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੁੱਝ ਦਿਨਾਂ ਵਿਚ ਸਾਰੇ ਬਲਾਕਾਂ ਵਿਚ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ | ਇਸ ਕੰਮ ਨੂੰ ਮੁਕੰਮਲ ਕਰਨ ਲਈ ਕੁੱਝ ਮੌਜੂਦਾ ਬਲਾਕਾਂ ਨੂੰ ਉਖਾੜ ਕੇ ਨਵੀਆਂ ਕੰਕਰੀਟ ਸੜਕਾਂ ਤਿਆਰ ਕੀਤੀਆਂ ਜਾਣਗੀਆਂ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੀਨੀਕਰਨ ਦੇ ਕੰਮ ਦੌਰਾਨ ਸਭ ਤੋਂ ਵੱਡੀ ਸਮੱਸਿਆ ਕੁੱਝ ਵਾਹਨਾਂ ਦੀ ਹੈ, ਜੋ ਲੰਬੇ ਸਮੇਂ ਤੋਂ ਟਰਾਂਸਪੋਰਟ ਨਗਰ ਵਿਚ ਖੜ੍ਹੇ ਹਨ ਅਤੇ ਉਨ੍ਹਾਂ ਦੇ ਮਾਲਕ ਉਨ੍ਹਾਂ ਦੀ ਸੰਭਾਲ ਲਈ ਵੀ ਨਹੀਂ ਆ ਰਹੇ | ਉਨ੍ਹਾਂ ਬੇਨਤੀ ਕੀਤੀ ਕਿ ਜਿਸ ਕਿਸੇ ਦੀ ਵੀ ਗੱਡੀ ਟਰਾਂਸਪੋਰਟ ਨਗਰ ਵਿਚ ਖੜ੍ਹੀ ਹੈ, ਉਹ ਤੁਰੰਤ ਉਸਨੂੰ ਹਟਾ ਲਵੇ, ਨਹੀਂ ਤਾਂ ਸੰਭਾਵਿਤ ਨੁਕਸਾਨ ਲਈ ਯੂਨੀਅਨ ਜ਼ਿੰਮੇਵਾਰ ਨਹੀਂ ਹੋਵੇਗੀ | ਅੰਤ ਵਿਚ ਯੂਨੀਅਨ ਵਲੋਂ ਨਗਰ ਸੁਧਾਰ ਟਰੱਸਟ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਗਈ ਕਿ ਭਵਿੱਖ ਵਿਚ ਵੀ ਟਰਾਂਸਪੋਰਟ ਨਗਰ ਦੇ ਵਿਕਾਸ ਲਈ ਇਸ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ |