ਨੂਰਪੁਰ ਬੇਦੀ, 23 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਲੋਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਆਈ. ਟੀ. ਵਿਸ਼ੇ ਦੇ ਵਿਦਿਆਰਥੀਆਂ ਦਾ ਤਕਨੀਕੀ ਅਧਿਐਨ ਦੌਰਾ ਲੈਮਰਿਨ ਟੈਕ ਸਕਿਲ ਯੂਨਿਵਰਸਿਟੀ ਵਿਖੇ ਕਰਵਾਇਆ ਗਿਆ | ਇਹ ਇੰਡਸਟਰੀਅਲ ਵਿਜ਼ਿਟ ਐਨ. ਐਸ. ਕਿਊ. ਐੱਫ. ਫਰੇਮਵਰਕ ਹੇਠ ਵਿਦਿਆਰਥੀਆਂ ਨੂੰ ਉਦਯੋਗਿਕ ਮਾਹੌਲ ਅਤੇ ਤਕਨੀਕੀ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ | ਆਈ.ਟੀ. ਅਧਿਆਪਕ ਰਾਮ ਪਾਲ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਤਕਨੀਕੀ ਵਿਭਾਗਾਂ, ਆਧੁਨਿਕ ਲੈਬੋਰਟਰੀਆਂ ਅਤੇ ਪ੍ਰੈਕਟੀਕਲ ਟਰੇਨਿੰਗ ਸੈਂਟਰਾਂ ਦਾ ਦੌਰਾ ਕੀਤਾ | ਇਸ ਮੌਕੇ ਲੈੱਬ ਇੰਸਟਰੱਕਟਰ ਅਜੇ ਕੁਮਾਰ ਸ਼ਰਮਾ ਅਤੇ ਮਾਰਕੀਟਿੰਗ ਆਫਿਸਰ ਬਾਲ ਕਿ੍ਸ਼ਨ ਵਲੋਂ ਯੂਨੀਵਰਸਿਟੀ ਵਿਚ ਚੱਲ ਰਹੇ ਵੱਖ-ਵੱਖ ਟੈਕਨੀਕਲ ਅਤੇ ਕੰਪਿਊਟਰ ਕੋਰਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ | ਉਨ੍ਹਾਂ ਵਿਦਿਆਰਥੀਆਂ ਨੂੰ ਸਕਿੱਲ-ਅਧਾਰਿਤ ਸਿੱਖਿਆ ਮਾਡਲ, ਉਦਯੋਗਿਕ ਸਾਂਝਾਂ ਅਤੇ ਰੋਜ਼ਗਾਰ ਮੁਖੀ ਕੋਰਸਾਂ ਬਾਰੇ ਵੀ ਜਾਣੂ ਕਰਵਾਇਆ | ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਲਾਈਵ ਪ੍ਰੋਜੈਕਟ ਅਤੇ ਮਾਡਲ ਵੀ ਸਕੂਲੀ ਵਿਦਿਆਰਥੀਆਂ ਨੂੰ ਦਿਖਾਏ ਗਏ | ਪ੍ਰੋਗ੍ਰਾਮਿੰਗ, ਸਾਫਟਵੇਅਰ ਡਿਵੈਲਪਮੈਂਟ ਅਤੇ ਆਟੋਮੇਸ਼ਨ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਵੇਖ ਕੇ ਵਿਦਿਆਰਥੀਆਂ ਦੀ ਆਈ. ਟੀ. ਵਿਸ਼ੇ ਪ੍ਰਤੀ ਦਿਲਚਸਪੀ ਦੇਖੀ ਗਈ |