ਸੁਖਸਾਲ, 24 ਫਰਵਰੀ (ਧਰਮ ਪਾਲ)- ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਐਂਟਰੀ ਟੈਕਸ ਨੂੰ ਦੁੱਗਣਾ ਕਰਨ ਦੇ ਫ਼ੈਸਲੇ ਖ਼ਿਲਾਫ਼ ਸਥਾਨਕ ਅਕਾਲੀ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਅਕਾਲੀ ਵਰਕਰਾਂ ਦੀ ਮੀਟਿੰਗ ਸਰਕਲ ਪ੍ਰਧਾਨ ਮਾਸਟਰ ਕਮਲ ਸਿੰਘ ਮਜਾਰੀ ਦੀ ਅਗਵਾਈ ਹੇਠ ਹੋਈ ਅਤੇ ਉਨ੍ਹਾ ਇਸ ਫ਼ੈਸਲੇ ਨੂੰ ਆਮ ਲੋਕਾਂ ਅਤੇ ਵਪਾਰੀਆਂ 'ਤੇ ਵਾਧੂ ਬੋਝ ਕਰਾਰ ਦਿੰਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ | ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ਲਿਆ ਗਿਆ ਇਹ ਫ਼ੈਸਲਾ ਸਰਹੱਦੀ ਇਲਾਕਿਆਂ ਦੇ ਵਪਾਰ 'ਤੇ ਮਾੜਾ ਅਸਰ ਪਾਏਗਾ ਅਤੇ ਆਮ ਜਨਤਾ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੋਕ ਮਹਿੰਗਾਈ ਤੇ ਹੋਰ ਟੈਕਸਾਂ ਦੇ ਬੋਝ ਹੇਠ ਹਨ, ਉੱਤੋਂ ਐਂਟਰੀ ਟੈਕਸ ਦੁੱਗਣੇ ਤੋਂ ਵੀ ਜ਼ਿਆਦਾ ਕਰਨਾ ਲੋਕ ਵਿਰੋਧੀ ਕਦਮ ਹੈ | ਉਨ੍ਹਾਂ ਕਿਹਾ ਕਿ ਜੇ ਇਹ ਫ਼ੈਸਲਾ ਜਲਦ ਵਾਪਸ ਨਾ ਲਿਆ ਗਿਆ ਤਾਂ ਮਜਬੂਰਨ ਅਕਾਲੀ ਵਰਕਰਾਂ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਇਸ Tਤੁਗਲੱਕੀ ਫਰਮਾਨUਨੂੰ ਤੁਰੰਤ ਰੱਦ ਕੀਤਾ ਜਾਵੇ | ਇਸ ਮੌਕੇ ਅਕਾਲੀ ਆਗੂਆਂ ਨੇ ਆਖਿਆ ਕਿ ਸਰਕਾਰ ਨੂੰ ਲੋਕ-ਹਿਤ ਵਿਚ ਫ਼ੈਸਲੇ ਕਰਨੇ ਚਾਹੀਦੇ ਹਨ ਨਾ ਕਿ ਐਸੇ ਕਦਮ ਚੁੱਕਣੇ ਜੋ ਆਮ ਜਨਤਾ ਅਤੇ ਵਪਾਰ ਵਰਗ ਨੂੰ ਨੁਕਸਾਨ ਪਹੁੰਚਾਉਣ | ਇਸ ਮੌਕੇ ਉਨ੍ਹਾਂ ਨਾਲ ਸਥਾਨਕ ਅਕਾਲੀ ਵਰਕਰਾਂ ਦੇ ਸਮੁੱਚੀ ਟੀਮ ਮੈਂਬਰ ਹਾਜ਼ਰ ਸਨ |