ਸ੍ਰੀ ਅਨੰਦਪੁਰ ਸਾਹਿਬ, 24 ਫਰਵਰੀ (ਪੱਤਰ ਪ੍ਰੇਰਕ)-ਇੱਥੋਂ ਨੇੜਲੇ ਪਿੰਡ ਚੰਡੇਸਰ ਦੀ ਹਮਲੇ ਦਾ ਸ਼ਿਕਾਰ ਹੋਈ ਇਕ ਲੜਕੀ ਦਾ ਹਾਲ-ਚਾਲ ਜਾਨਣ ਲਈ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਪਹੁੰਚੇ | ਉਨ੍ਹਾਂ ਪੀੜਿਤ ਲੜਕੀ ਅਤੇ ਉਸਦੇ ਮਾਪਿਆਂ ਤੋਂ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਤੇ ਬਾਅਦ ਵਿਚ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਚਿੰਨ੍ਹ ਵੀ ਲਗਾਏ | ਰਾਣਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਇੱਕ ਲੜਕੀ ਦੇ ਘਰ ਦੇ ਅੰਦਰ ਵੜ ਕੇ ਕੁੱਝ ਨੌਜੁਆਨਾਂ ਵਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ, ਪਰ ਦੁੱਖ ਦੀ ਗੱਲ ਹੈ ਕਿ ਪੁਲਿਸ ਦੋਸ਼ੀਆਂ ਨਾਲ ਰਲ਼ੀ ਹੋਈ ਹੈ ਤੇ ਆਮ ਲੋਕਾਂ ਨੂੰ ਇਨਸਾਫ਼ ਦੀ ਬਜਾਏ ਦੋਸ਼ੀਆਂ ਦਾ ਸਾਥ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕੇ ਅੰਦਰ ਪੁਲਿਸ ਦੀ ਛਤਰ-ਛਾਇਆ ਹੇਠ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਹੈ | ਇਸ ਤੋਂ ਬਿਨਾਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿਚ ਪੁਲਿਸ ਪ੍ਰਸ਼ਾਸਨ ਬਿਲਕੁਲ ਫ਼ੇਲ੍ਹ ਸਾਬਤ ਹੋਇਆ ਹੈ | ਰਾਣਾ ਨੇ ਕਿਹਾ ਕਿ ਹੋਲਾ ਮਹੱਲਾ ਆਉਣ ਵਾਲਾ ਹੈ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਹਸਪਤਾਲ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ | ਜਿਸਨੂੰ ਸੁਧਾਰਨ ਵੱਲ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਮੌਕੇ ਪੀੜਿਤ ਪਰਿਵਾਰ ਤੋਂ ਇਲਾਵਾ ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸੀਨੀਅਰ ਆਗੂ ਪ੍ਰੇਮ ਸਿੰਘ ਬਾਸੋਵਾਲ, ਚੌਧਰੀ ਪਹੁ ਲਾਲ ਲਖੇੜ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਪ੍ਰੇਮ ਸਿੰਘ ਸਿੱਧੂ, ਅਰੁਣਦੀਪ ਸੋਨੂੰ, ਮੁਕੇਸ਼ ਕੁਮਾਰ ਛੱਨੂੰ, ਸੰਜੀਵਨ ਰਾਣਾ, ਪਵਨ ਰਾਣਾ, ਚੰਦਨ ਨੱਡਾ, ਜਗਰੂਪ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਬੱਢਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ |