ਨੂਰਪੁਰ ਬੇਦੀ, 24 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਸਿੰਬਲ ਮਾਜਰਾ ਵਿਖੇ ਅਕਾਲੀ ਬਾਬਾ ਫੂਲਾ ਸਿੰਘ ਕਲੱਬ ਵਲੋਂ ਕਰਵਾਏ ਗਏ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਦੌਰਾਨ ਕੇਂਦਰੀ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਕਬਾਲ ਸਿੰਘ ਲਾਲਪੁਰਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਿੰਡ ਪੱਧਰ 'ਤੇ ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਸਿਰਫ ਸਰੀਰਕ ਤੰਦਰੁਸਤੀ ਦਾ ਸਾਧਨ ਹੀ ਨਹੀਂ, ਸਗੋਂ ਨੌਜਵਾਨੀ ਨੂੰ ਅਨੁਸ਼ਾਸਨ, ਸਹਿਯੋਗ ਅਤੇ ਟੀਮ ਭਾਵਨਾ ਦਾ ਪਾਠ ਵੀ ਪੜ੍ਹਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੇ ਸਮੇਂ 'ਚ ਨੌਜਵਾਨਾਂ ਨੂੰ ਕਈ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਖੇਡ ਮੇਲੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਲੱਬ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਪਿੰਡ ਦੇ ਸਹਿਯੋਗ ਨਾਲ ਇੰਨਾ ਵੱਡਾ ਟੂਰਨਾਮੈਂਟ ਕਰਵਾਉਣਾ ਕਾਬਿਲ-ਏ-ਤਾਰੀਫ਼ ਹੈ | ਇਸ ਮੌਕੇ ਉਨ੍ਹਾਂ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਿੱਸਾ ਲੈ ਰਹੇ ਖਿਡਾਰੀਆਂ ਨਾਲ ਜਾਣ-ਪਛਾਣ ਵੀ ਕੀਤੀ | ਇਸ ਮੌਕੇ ਕਲੱਬ ਪ੍ਰਬੰਧਕਾਂ ਨੇ ਲਾਲਪੁਰਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸੁੱਖਾ ਕਨੇਡਾ, ਰਾਜਵੀਰ ਬੈਂਸ, ਅਮਨਪ੍ਰੀਤ ਭੱਠਲ, ਭੁਪਿੰਦਰ ਭੱਠਲ, ਰਵਿੰਦਰ ਗਿੱਲ, ਹਰਵਿੰਦਰ ਰੀਹਲ, ਹਰਿਮੰਦਰ ਸਿੰਘ, ਬੰਟੀ ਜੇਤੇਵਾਲ, ਪਲਵਿੰਦਰ ਰੀਹਲ, ਪੋਲਾ, ਕੁਲਵਿੰਦਰ ਰੀਹਲ, ਅਰਸ਼ ਕਨੇਡਾ, ਮੋਹਿਤ ਸਨੈਕਰ, ਸਰਪੰਚ ਚੰਨਣ ਸਿੰਘ, ਮਲਕੀਤ ਭੱਠਲ ਤੇ ਸਰਪੰਚ ਗੁਰਮੁੱਖ ਸਿੰਘ ਹਾਜ਼ਰ ਸਨ |