ਸ੍ਰੀ ਅਨੰਦਪੁਰ ਸਾਹਿਬ, 24 ਫਰਵਰੀ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਮਹਿਲਾ ਸ਼ਕਤੀਕਰਨ ਸੈੱਲ ਨੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਕੌਸ਼ਲ ਵਿਕਾਸ ਸੰਬੰਧੀ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਸ਼ਕਤ ਬਣਾਉਣਾ ਸੀ, ਤਾਂ ਜੋ ਉਹ ਆਪਣੀ ਵਿਹਾਰਿਕ ਜਾਣਕਾਰੀ, ਪੇਸ਼ਾਵਰ ਕੌਸ਼ਲ ਅਤੇ ਉਦਯੋਗਿਕ ਯੋਗਤਾਵਾਂ ਨੂੰ ਨਿਖਾਰ ਸਕਣ | ਅੰਤਰਰਾਸ਼ਟਰੀ ਮਹਿਲਾ ਦਿਵਸ ਨੇ ਮਹਿਲਾਵਾਂ ਦੀ ਨਵੀਨਤਾ, ਅਗਵਾਈ ਤੇ ਆਰਥਿਕ ਵਿਕਾਸ ਵਿਚ ਭਾਗੀਦਾਰੀ ਨੂੰ ਉਜਾਗਰ ਕਰਨ ਲਈ ਇਕ ਅਰਥਪੂਰਨ ਮੰਚ ਪ੍ਰਦਾਨ ਕੀਤਾ | ਸਮਾਗਮ ਦੀ ਸ਼ੁਰੂਆਤ ਮਹਿਲਾ ਸ਼ਕਤੀਕਰਨ ਸੈੱਲ ਦੀ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ | ਜਿਨ੍ਹਾਂ ਨੇ ਆਧੁਨਿਕ ਸਮਾਜ ਵਿਚ ਮਹਿਲਾ ਸਸ਼ਕਤੀਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਵੀ ਵਿਦਿਆਰਥੀਆਂ ਲਈ ਕੌਸ਼ਲ ਵਿਕਾਸ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਰੁਪਾਲੀ ਠਾਕੁਰ ਨੇ ਕਿਹਾ ਕਿ ਕੌਸ਼ਲ ਵਿਕਾਸ ਆਰਥਿਕ ਸੁਤੰਤਰਤਾ ਅਤੇ ਆਤਮ ਨਿਰਭਰਤਾ ਹਾਸਲ ਕਰਨ ਲਈ ਬਹੁਤ ਜ਼ਰੂਰੀ ਹੈ | ਸਮਾਗਮ ਦੌਰਾਨ ਕੁਨਾਲ ਦਲੋਤਰਾ ਅਤੇ ਅਭਿਸ਼ੇਕ ਕੁਮਾਰ ਆਦਿ ਨੇ ਮਾਰਕੀਟਿੰਗ ਰਣਨੀਤੀਆਂ, ਡਿਜਟਿਲ ਵਿਕਾਸ ਤੇ ਵਪਾਰ ਵਿਚ ਨਵੀਨਤਾ ਦੀ ਭੂਮਿਕਾ, ਪ੍ਰਬੰਧਕੀ ਕੌਸ਼ਲ, ਲੀਡਰਸਿਪ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ. ਸ਼ਵੇਤਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਫੈਕਲਟੀ ਮੈਂਬਰਾਂ ਤੇ ਵਿਦਿਆਰਥੀ ਹਾਜ਼ਰ ਸਨ |