ਕਾਹਨਪੁਰ ਖੂਹੀ, 3 ਮਾਰਚ (ਗੁਰਬੀਰ ਸਿੰਘ ਵਾਲੀਆ)-ਝੱਜ ਚੌਂਕ 'ਚ ਅੱਜ ਭਾਰਤੀ ਜਨਤਾ ਪਾਰਟੀ ਅਤੇ ਇਨਸਾਨੀਅਤ ਪਹਿਲਾਂ ਦੇ ਸਾਂਝੇ ਉਦਮ ਹੇਠ ਹੋਲਾ ਮਹੱਲਾ ਲਈ ਜਾ ਰਹੀ ਸੰਗਤ ਨੂੰ ਸਮਰਪਿਤ ਇਕ ਵਿਸ਼ਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਉਪਰਾਲੇ ਦੀ ਅਗਵਾਈ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ | ਕੈਂਪ ਦਾ ਸ਼ੁਭਾਰੰਭ ਉਨ੍ਹਾਂ ਵਲੋਂ ਸੇਵਾ ਸੰਕਲਪ ਨਾਲ ਕੀਤਾ ਗਿਆ ਅਤੇ ਇਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਅਧੀਨ ਲੋਕ ਸੇਵਾ ਨੂੰ ਸਮਰਪਿਤ ਦੱਸਿਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਅਤੇ ਸੰਗਤ ਨੇ ਪਹੁੰਚ ਕੇ ਸਿਹਤ ਜਾਂਚ ਦਾ ਲਾਭ ਲਿਆ | ਕੈਂਪ ਵਿਚ ਤਜਰਬੇਕਾਰ ਡਾਕਟਰਾਂ ਵਲੋਂ ਆਮ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਯੋਗ ਸਲਾਹ ਦਿੱਤੀ ਗਈ | ਖ਼ਾਸ ਤੌਰ ਤੇ ਜ਼ਰੂਰਤਮੰਦ ਲੋਕਾਂ ਲਈ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਦਵਾਈਆਂ ਦਾ ਲੰਗਰ ਲਗਾ ਕੇ ਸੇਵਾ ਦੀ ਭਾਵਨਾ ਨੂੰ ਅਮਲ ਵਿਚ ਲਿਆਂਦਾ ਗਿਆ ਤਾਂ ਜੋ ਸਮਾਜ ਦੇ ਹਰ ਵਰਗ ਤੱਕ ਸਿਹਤ ਸਹੂਲਤਾਂ ਪਹੁੰਚ ਸਕਣ | ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਸੇਵਾ, ਸਮਰਪਣ ਅਤੇ ਮਨੁੱਖਤਾ ਦੇ ਮੂਲ ਮੰਤਵਾਂ ਅਨੁਸਾਰ ਕੰਮ ਕਰਦੀ ਹੈ | ਇਸ ਮੌਕੇ ਡਾ ਰਾਮ, ਡਾ ਧਰਮਪਾਲ, ਧਰਮਿੰਦਰ ਸਿੰਘ ਭਿੰਦਾ, ਸੰਤੋਖ ਸਿੰਘ ਝੱਜ, ਓੰਕਾਰ ਸਿੰਘ ਅਭਿਆਣਾ ਸਮੇਤ ਕਈ ਗਣਮਾਨਯ ਵਿਅਕਤੀ ਮੌਜੂਦ ਰਹੇ |