ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)-ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਹੋਲਾ ਮਹੱਲਾ ਮੌਕੇ ਸਥਾਨਕ ਪੰਜ ਪਿਆਰਾ ਪਾਰਕ ਵਿਖੇ ਮੈਗਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸਬੰਧੀ ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਹ ਮੈਗਾ ਕੈਂਪ 4 ਮਾਰਚ ਤੱਕ ਲਗਾਤਾਰ ਜਾਰੀ ਰਹੇਗਾ | ਜਿਸ ਲਈ ਦੌਰਾਨ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉੱਚ ਦਰਜੇ ਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਹੋਲਾ ਮਹੱਲਾ ਮੌਕੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ, ਜਿਸਨੂੰ ਧਿਆਨ ਵਿਚ ਰੱਖਦਿਆਂ ਇਹ ਮੈਗਾ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ | ਤਾਂ ਜੋ ਐਮਰਜੈਂਸੀ ਸਥਿਤੀਆਂ ਦੌਰਾਨ ਖੂਨ ਦੀ ਕੋਈ ਘਾਟ ਨਾ ਰਹੇ | ਕੈਂਪ ਵਿਚ ਤਜਰਬੇਕਾਰ ਡਾਕਟਰੀ ਟੀਮਾਂ ਵਲੋਂ ਦਾਨੀਆਂ ਦੀ ਪੂਰੀ ਜਾਂਚ ਉਪਰੰਤ ਹੀ ਖੂਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸਾਰੇ ਸੁਰੱਖਿਆ ਮਿਆਰਾਂ ਦੀ ਪਾਲਣਾ ਕੀਤੀ ਜਾ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖ਼ੂਨਦਾਨ ਕਰਕੇ ਇਸ ਪਵਿੱਤਰ ਮੌਕੇ ਨੂੰ ਸੇਵਾ ਦੇ ਰੂਪ ਵਿਚ ਮਨਾਵੇ |