ਨੂਰਪੁਰ ਬੇਦੀ, 3 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਹੋਲਾ ਮਹੱਲਾ ਦੇ ਪਾਵਨ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਪਹੁੰਚ ਰਹੀਆਂ ਸੰਗਤਾਂ ਦੀ ਸੁਵਿਧਾ ਲਈ ਪਿੰਡ ਗੁਰਸੇਮਾਜਰਾ ਦੀ ਸੰਗਤ ਵਲੋਂ ਵਿਸ਼ੇਸ਼ ਤੌਰ 'ਤੇ ਲੰਗਰ ਲਗਾਇਆ ਗਿਆ | ਇਸ ਲੰਗਰ 'ਚ ਗੁਰਧਾਮਾਂ ਤੇ ਆਉਣ-ਜਾਣ ਵਾਲੀਆਂ ਸੰਗਤਾਂ ਨੇ ਬੜੀ ਸ਼ਰਧਾ ਨਾਲ ਲੰਗਰ ਛਕਿਆ | ਸੇਵਾਦਾਰਾਂ ਨੇ ਸਫ਼ਾਈ ਅਤੇ ਪ੍ਰਬੰਧਾਂ 'ਤੇ ਵੀ ਖ਼ਾਸ ਧਿਆਨ ਦਿੱਤਾ ਤਾਂ ਜੋ ਦੂਰ-ਦੁਰਾਡੇ ਤੋਂ ਆਈ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੇਵਾਦਾਰਾਂ ਦਾ ਹੌਸਲਾ ਵਧਾਇਆ | ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸੇਵਾ ਦੀ ਅਟੱਲ ਪਰੰਪਰਾ ਦਾ ਪ੍ਰਤੀਕ ਹੈ |